ਗੀਤਾ ਦੇ ਸ਼ਲੋਕ ਪੜ੍ਹ ਰਿਹਾ ਸੀ ਤੇ ਉਹਦੇ ਅਰਥ ਸਮਝਾ ਰਿਹਾ ਸੀ । ਮਦ ਭਰੀ ਆਵਾਜ਼ ਵਿਚ ਸ਼ਲੋਕ ਇਸ ਤਰ੍ਹਾਂ ਉਚਾਰ ਰਿਹਾ ਸੀ ਜਿਵੇਂ ਕੋਈ ਸ਼ਾਸਤਰੀ ਆਪਣੀ ਧੁਨ ਵਿਚ ਮਗਨ ਗੀਤਾ ਦਾ ਉਚਾਰਨ ਕਰ ਰਿਹਾ ਹੋਵੇ । ਬ੍ਰਾਮਣ ਇਕ ਵਾਰ ਕੰਬਿਆ ਰੋਹੀ ਦੇ ਜੰਡ ਵਾਂਗ। ਗੁਰੂ ਦੇ ਚਰਨੀ ਜਾ ਲੱਗਾ, ਮਹਾਰਾਜ ਨੇ ਮੋੜ ਖਾਧਾ, ਰਹਿਮਤਾਂ ਬਰਸੀਆਂ ਤੇ ਫਰਮਾਇਆ, "ਬ੍ਰਾਹਮਣ ਦੇਵਤਾ ! ਉਹੋ ਈ ਬਖਸ਼ਣਹਾਰ ਏ ਜਿਸ ਤੇਰੀ ਤਸੱਲੀ ਕੀਤੀ ਏ । ਇਹੋ ਤੇਰਾ ਕਲਿਆਣ ਕਰੂ ।"
ਛੱਜੂ ਦੇ ਚਰਨੀਂ ਲੱਗ ਕੇ ਬ੍ਰਾਹਮਣ ਦੇਵਤਾ ਵੀ ਪੁਰਸ਼ ਜੂਨੀ ਵਿਚ ਆ ਗਿਆ।
ਦਿੱਲੀ ਦੇ ਨੇੜੇ ਪੁੱਜੇ ਤੇ ਖ਼ਬਰਾਂ ਦਿੱਲੀ ਵਿਚ ਪੁੱਜ ਗਈਆਂ। ਜੈ ਸਿੰਘ ਔਰੰਗਜ਼ੇਬ ਦੇ ਆਖਣ ਤੇ ਅੱਗੋਂ ਆਪ ਲੈਣ ਗਿਆ ਤੇ ਬੜੇ ਚਾਅ ਨਾਲ ਸੁਆਗਤ ਕੀਤਾ :-
ਤੁਮ ਜਾਓ ਆਗੈ ਲੈਣ ।
ਕਰ ਅਦਬ ਮੀਠੇ ਬੈਨ ।
ਮਹਾਰਾਜ ਦੀ ਸੁਆਰੀ ਉਸੇ ਤਰ੍ਹਾਂ ਆ ਰਹੀ ਸੀ ਅੱਗੇ-ਅੱਗੇ ਨਗਾਰੇ ਵੱਜਦੇ ਨਕੀਬ (ਸੂਚਨਾ ਸੇਵਾਦਾਰ) ਦੀਆਂ ਅਵਾਜ਼ਾਂ ਉਹੋ ਸ਼ਾਹੀ ਠਾਠ-ਬਾਠ । ਸਣੇ ਸੁਆਰਾਂ ਦਿੱਲੀ ਪੁੱਜੇ, ਜਿਵੇਂ ਕਿਸੇ ਰਾਜੇ ਦੀ ਸੁਆਰੀ ਆਈ ਹੋਵੇ । ਸਾਰੀ ਦਿੱਲੀ ਹੈਰਾਨ ਸੀ ਮੂੰਹ 'ਚ ਉਂਗਲਾਂ ਪਾ ਰਹੀ ਸੀ । ਇਹ ਦਿੱਲੀ ਵਿਚ ਪਹਿਲਾ ਮੌਕਾ ਸੀ ਇਕ ਫ਼ਕੀਰ ਦੇ ਪੁੱਤ ਦਾ ਏਨਾ ਜਾਹੋ ਜਲਾਲ ਸ਼ਾਨੋ ਸ਼ੌਕਤ ਨਾਲ ਸੁਆਗਤ ਹੋਇਆ ਹੋਵੇ, ਇਹ ਸ਼ਰਧਾ ਰਾਜਾ ਜੈ ਸਿੰਘ ਦੇ ਆਪਣੇ ਦਿਲ ਦੀ ਸੀ। ਦਿੱਲੀ ਦੇ ਲੋਕ ਆਖਣ ਲੱਗ ਪਏ ਸਨ :-
ਅਜਮਤ ਪੀਰ ਸੀ ਨਾਨਕ ਜੇਹੀ ।
ਗੁਰੂ ਨਾਨਕ ਦੇਹ ਬਦਲ ਕੇ ਆਪ ਦਿੱਲੀ ਵਿਚ ਆਇਆ ਏ । ਸ਼ਾਹੀ ਜਲਾਲ ਨਾਲ ਸੁੱਖ ਸਾਂਦ ਪੁੱਛੀ, ਸ਼ਾਹੀ ਜਲਾਲ ਨਾਲ ਆਪਣੇ ਮਹਿਲ ਵਿਚ ਲੈ ਆਂਦਾ। ਲੋਕ ਤਾਂ ਆਖਦੇ ਹਨ, ਪਰ ਮੈਂ ਅੱਖੀਂ ਡਿੱਠਾ ਏ ਕਿ ਰਾਜਾ ਜੀ ਨੇ ਪਹਿਲਾਂ ਗੁਰਾਂ ਦੇ ਪੈਰ ਧੋਤੇ ਉਹਦਾ ਚਰਨਾਮ੍ਰਤ ਸਾਰੇ ਮਹਿਲ ਵਿਚ ਵੰਡਿਆ । ਮਹਿਲ ਤਾਂ ਪਵਿੱਤਰ ਹੋ ਈ ਗਿਆ ਸੀ ਨਾਲ ਲੱਗਦੀ ਦਿੱਲੀ ਮੁਤਬਰਕ ਹੋ ਗਈ। ਰਾਜਾ ਵੀ ਤੁਰ ਗਿਆ ਤੇ ਨਾਲੇ ਦਿੱਲੀ ਤਰ ਗਈ । ਰੱਬ ਦਾ ਪੁੱਤ ਬਿਨਾਂ ਸੱਦਿਆਂ ਕਿਸੇ ਦੇ ਘਰ ਆਪ ਆ ਜਾਏ ਤਾਂ ਸਮਝੋ ਬਰਕਤਾਂ ਆਪ ਘਰ ਆ ਗਈਆਂ। ਇਸੇ ਮਹਿਲ ਵਿਚ ਗੁਰਾਂ ਦਾ ਵਾਸਾ ਕੀਤਾ ਗਿਆ। ਉਹੋ ਕੀਰਤਪੁਰ ਵਾਲੇ ਰੰਗ ਤਮਾਸ਼ੇ ਉਪਮਾ ਗੁਰੂ ਦੀ । ਮੱਥੇ ਟੇਕਣ ਵਾਲਿਆਂ ਦੀਆਂ ਕਤਾਰਾਂ ਦੀਆਂ ਕਤਾਰਾਂ । ਕਸਤੂਰੀ ਦੀ ਮਹਿਕ ਆਪੇ ਈ ਫੈਲ ਜਾਂਦੀ ਏ ।
ਦਿੱਲੀ ਵਿਚ ਉਨ੍ਹੀਂ ਦਿਨੀਂ ਇਕ ਬਿਮਾਰੀ ਫੈਲੀ ਹੋਈ ਸੀ ਜਿਸ ਨੂੰ ਚੇਚਕ ਜਾਂ ਮਾਤਾ ਆਖਦੇ ਸਨ । ਰਾਜਾ ਜੀ ਨੇ ਗੁਰੂ ਜੀ ਦੀ ਮਾੜੀ ਜਿਹੀ ਪ੍ਰੀਖਿਆ ਕੀ ਲੈਣੀ ਸੀ ਪਰ ਗੁਰ ਸਿੱਖਾਂ ਦੇ ਮਨ ਵਿਚ ਜ਼ਰੂਰ ਆਇਆ । ਰਾਜਾ ਏਨਾ ਗਿਆਨੀ ਏ ਗੁਰੂ ਦਾ ਸ਼ਰਧਾਲੂ ਏ । ਅੰਮ੍ਰਿਤ ਛੱਡ ਕੇ ਜ਼ਹਿਰ ਵਿਹਾਜ ਰਿਹਾ ਏ । ਹੀਰੇ ਦੀ ਥਾਂ ਕੱਚ ਵੱਲ ਦੌੜ ਰਿਹਾ ਹੈ :
ਇਕ ਕੇ ਪ੍ਰੇਮ ਜਾਨਿ ਚਲ ਆਏ।
ਅਬ ਕਿਮ ਡਟਹਿ ਕੁਮੀਤ ਬਿਚਲਾਏ ।।