ਨੀਚਾਂ ਦੀ ਆਪ ਹੱਥੀਂ ਸੇਵਾ ਕਰ ਜਿਨ੍ਹਾਂ ਨੂੰ ਸਾਰੀ ਉਮਰ ਦੁਰਕਾਰਦਾ ਰਿਹਾ ਏ । ਨੰਦ ਚੰਦ ਪੰਚ ਸੀ ਤੇ ਆਕੜ ਬੜੀ ਸੀ । ਟਿੱਚ ਸਮਝਦਾ ਸੀ ਦੁਨੀਆਂ ਨੂੰ । ਜਦੋਂ ਗੁਰਾਂ ਨਾਲ ਅੱਖਾਂ ਚਾਰ ਹੋਈਆਂ, ਇਕੇ ਗੱਲ ਤੇ ਮੋਹਿਤ ਹੋ ਗਿਆ । ਪਾਣੀ-ਪਾਣੀ ਹੋ ਗਿਆ। ਪਾਣੀ ਤੋਂ ਪਤਲਾ ਹੋਇਆ ਬੰਦਾ ਬਣ ਗਿਆ । ਗੁਰੂ ਦੇ ਬਚਨ ਸਨ :-
ਪੰਚ ਪਰਵਾਨ,
ਪੰਚ ਪਰਧਾਨੁ ॥
ਪੰਚੇ ਪਾਵਹਿ ਦਰਗਹਿ ਮਾਨ ।
ਪੰਚੇ ਸੋਹਹਿ ਦਰਿ ਰਾਜਾਨੁ ।
ਪੰਚ ਮਨਾਏ, ਪੰਚ ਰੁਸਾਏ।
ਪੰਚ ਵਸਾਏ, ਪੰਚ ਗਵਾਏ।
ਇਨ ਬਿਧਿ ਨਗਰੁ ਵੁਠਾਂ ਮੇਰੇ ਭਾਈ ।
ਇਕ ਥਾਲ ਮੋਤੀਆਂ ਭਰਿਆ, ਖੂਬਸੂਰਤ ਪੋਸ਼ਾਕ, ਇਕ ਮਾਲਾ ਤੁਲਸੀ ਦੀ, ਇਕ ਤਸਬੀ ਹੀਰਿਆਂ ਮੋਤੀਆਂ ਜੜੀ। ਇਕ ਖਿਡੌਣਿਆਂ ਦੀ ਟੋਕਰੀ, ਨਿੱਕੀ ਜਿਹੀ ਤਲਵਾਰ, ਇਕ ਕਲਗੀ ਤੇ ਇਕ ਤਾਜ ਝਿਲਮਿਲ-ਝਿਲਮਿਲ ਕਰਦਾ ਭੇਜਿਆ ਤੇ ਨਾਲ ਹੁਕਮਨਾਮਾ ਸੀ । ਬਾਲ ਗੁਰੂ ਨੂੰ ਜਗੀਰ ਨਾਲ ਨਿਵਾਜਿਆ ਜਾਏਗਾ । ਜੇ ਦਰਬਾਰ ਵਿਚ ਆਉਣ, ਸਾਡਾ ਵੀ ਕਲਿਆਣ ਕਰਨ ਤੇ ਦਰਬਾਰ ਦੀਆਂ ਝੋਲੀਆਂ ਰਹਿਮਤਾਂ ਨਾਲ ਭਰਨ । ਸਾਡੀ ਸੁਣਨ ਤੇ ਆਪਣੀ ਦੱਸਣ। ਹੁਕਮ ਸੀ ਔਰੰਗਜ਼ੇਬ ਦਾ ।
ਅੱਗੋਂ ਮੋੜਵਾ ਜੁਆਬ ਦਿੱਤਾ ਸਤਿਗੁਰਾਂ,—ਪਿਤਾ ਜੀ ਦਾ ਹੁਕਮ ਅਟੱਲ ਏ । ਅਸੀਂ ਮੁਲਾਕਾਤ ਨਹੀਂ ਕਰ ਸਕਾਂਗੇ । ਨਜ਼ਰਾਨਾ ਕਬੂਲ, ਸ਼ੁਕਰੀਆ । ਅਸਾਂ ਆਪਣੇ ਮਤਲਬ ਦੀ ਚੀਜ ਲੈ ਲਈ ਏ ਬਾਕੀ ਸਾਡੇ ਕੰਮ ਦੀਆਂ ਚੀਜ਼ਾਂ ਨਹੀਂ । ਖ਼ਰਾਬ ਨਾ ਹੋ ਜਾਣ ਇਨ੍ਹਾਂ ਦੀ ਆਬ ਨਾ ਮਾਰੀ ਜਾਏ । ਵਾਪਿਸ ਕੀਤੀਆਂ ਜਾ ਰਹੀਆਂ ਹਨ, ਬਹੁਤ ਮਿਹਰਬਾਨੀ ।
ਬਾਦਸ਼ਾਹ ਬਹੁਤ ਹੈਰਾਨ ਹੋਇਆ ਸਿਰਫ ਤੁਲਸੀ ਦੀ ਮਾਲਾ । ਯਾਰੋ ਹੀਰਿਆਂ ਦੀ ਮਾਲਾ ਤੇ ਹੱਥ ਨਹੀਂ ਮਾਰਿਆ । ਇਹ ਵੀ ਜ਼ਿੱਦ ਦਾ ਕਾਰਨ ਹੋ ਸਕਦਾ ਏ ।
ਇਕ ਦਿਨ ਬਾਦਸ਼ਾਹ ਨੇ ਨਟਖਟ ਬੇਗਮ ਦੇ ਗਲ ਵਿਚ ਰੱਖ ਪਈ ਵੇਖੀ ਤੇ ਆਖਿਆ, ਕੀ ਇਹ ਰੱਖ ਨਿਜਾਮਉਲ ਦੀਨ ਔਲੀਆ ਦੇ ਫ਼ਕੀਰਾਂ ਤੋਂ ਆਂਦੀ ਏ । ਬੇਗਮ ਪਹਿਲਾਂ ਝਿਜਕੀ, ਫਿਰ ਸ਼ਰਮਾਈ ਤੇ ਫਿਰ ਨੀਵੀਆਂ ਅੱਖਾਂ ਕਰਕੇ ਆਖਣ ਲੱਗੀ,—ਹਜੂਰ ਸ਼ਹਿਨਸ਼ਾਹ ! ਮੈਂ ਝੂਠ ਬੋਲਣ ਦੀ ਬੜੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਂਥੋਂ ਝੂਠ ਨਹੀਂ ਬੋਲਿਆ ਜਾਂਦਾ । ਮੈਂ ਨਿਜਾਮੁਉਲ ਦੀਨ ਜ਼ਰੂਰ ਗਈ ਸਾਂ ਪਰ ਮੇਰਾ ਮਨ ਪਸੀਜਿਆ ਨਹੀਂ । ਇਹ ਰਾਜਾ ਮਿਰਜ਼ਾ ਸਾਹਿਬ ਦੇ ਮਹਿਲ ਤੋਂ ਲੈ ਆਈ ਹਾਂ । ਉਥੇ ਕੋਈ ਬਾਲਾ ਪੀਰ ਆਇਆ ਦੇ ਪੰਜਾਬ ਤੋਂ। ਉਨ੍ਹਾਂ ਆਖਿਆ ਸੀ ਬੀਬੀ ਤੂੰ ਰੱਖ ਗਲ ਵਿਚ ਪਾਉਣ ਤੇ ਲੱਗੀ ਏਂ, ਪਰ ਅੱਜ ਤੋਂ ਝੂਠ ਨਹੀਂ ਬੋਲਣਾ ਭਾਵੇਂ ਸਿਰ ਕੱਟਿਆ ਜਾਏ । ਬਾਦਸ਼ਾਹ ਨੇ ਹੱਸ ਕੇ ਗੱਲ ਟਾਲ ਦਿੱਤੀ।