ਕਰਨੀ ਭਾਵੇਂ ਜਾਨ ਤੋਂ ਹੱਥ ਕਿਉਂ ਨਾ ਧੋਣੇ ਪੈਣ, ਸ਼ਹਾਦਤ ਕਿਉਂ ਨਾ ਦੇਣੀ ਪਵੇ, ਸ਼ਹਾਦਤ ਵੀ ਦੇਵਾਂਗੇ ।
ਬੇਹੋਸ਼ੀ ਪੈਰ-ਪੈਰ ਤੇ ਵੱਧ ਰਹੀ ਸੀ । ਮਾਤਾ ਦਾ ਜ਼ੋਰ ਭਰਵਾਂ ਸੀ । ਸੇਵਾਦਾਰ, ਸੇਵਕ, ਸਿੱਖ ਪਲੰਘ ਦੇ ਦੁਆਲੇ ਬੈਠੇ ਹੋਏ ਸਨ ।
ਆਖ਼ਰਕਾਰ ਮਾਤਾ ਜੀ ਨੇ ਪੁੱਛ ਹੀ ਲਿਆ,—ਲਾਲ ਜੀ ! ਇਹ ਕੀ ਭਾਣਾ ਵਰਤ ਰਿਹਾ ਏ ?
-ਅਸੀਂ ਸਰੀਰ ਛੱਡਣ ਦੀ ਤਿਆਰੀ ਕਰ ਲਈ ਹੈ ।
—ਇਸੇ ਉਮਰ ਵਿਚ ?
-ਸਾਡਾ ਕਾਰਜ ਪੂਰਾ ਹੋ ਗਿਆ ਏ ਜਿਹੜਾ ਅਸੀਂ ਕਰਨ ਆਏ ਸਾਂ ।
-ਅਜੇ ਤੇ ਤੁਸੀਂ ਹੁਣੇ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਰਹਿਮਤਾਂ ਵੰਡ ਰਹੇ ਸਓ । ਅਨੰਦ ਹੀ ਅਨੰਦ ਸੀ ਮਹਿਲ ਵਿਚ । ਸਭ ਧੰਨ ਧੰਨ ਆਖ ਰਹੇ ਸਨ । ਦ੍ਰਿੜ੍ਹਤਾ ਤੇ ਖੂਬੀ ਨਾਲ ਤੁਸੀਂ ਗੁਰੂ ਦੀ ਜੋਤੀ ਦਾ ਪ੍ਰਕਾਸ਼ ਕਰ ਰਹੇ ਸਓ । ਐਨੀ ਛੇਤੀ ਫੈਸਲਾ ਨਹੀਂ ਕਰੀਦਾ।
—ਸਾਨੂੰ ਹੁਕਮ ਆ ਗਿਆ ਏ, ਹੁਣ ਅਸਾਂ ਨਹੀਂ ਠਹਿਰਨਾ ।
ਘੱਲੇ ਆਵੇ ਨਾਨਕਾ ਸੱਦੇ ਉਠਿ ਜਾਇ ॥
--ਪਰ ਐਨੀ ਜਲਦੀ ਕੀ ?
-ਮਾਤਾ ਜੀ ਜਦੋਂ ਹੁਕਮ ਆ ਜਾਏ ਦਰਬਾਨ ਬਾਹਰ ਖੜੇ ਹੋਣ ਫਿਰ ਹੁਕਮ-ਅਦੂਲੀ ਕਾਹਦੀ ?
—ਤੁਸੀਂ ਜਾਣਦੇ ਹੋ ਸੋਢੀ ਝਗੜਾਲੂ ਹਨ, ਸੋਢੀ ਸ਼ਰੀਕ ਹਨ। ਸ਼ਰੀਕਾਂ ਵਾਂਗੂੰ ਵਰਤਦੇ ਹਨ । ਉਹ ਪਿੱਛੋਂ ਖਰੂਦ ਮਚਾਉਣਗੇ । ਕੌਣ ਮੋੜੂ ਉਨ੍ਹਾਂ ਨੂੰ ? ਉਹ ਤੇ ਹੁਣੇ ਈ ਲਾਠੀਆਂ ਨੂੰ ਸੰਮ ਚੜ੍ਹਾਈ ਫਿਰਦੇ ਹਨ ।
—ਗੁਰੂ ਨਾਨਕ । ਮਾਤਾ ਜੀ ਇਹ ਸਭ ਵਿਧਾਤਾ ਦੇ ਲਿਖੇ ਅਨੁਸਾਰ ਹੋ ਰਿਹਾ ਏ, ਇਸ ਨੂੰ ਘੜੀ-ਮੁੜੀ ਸੋਚਣਾ ਤੇ ਮੁੜ-ਮੁੜ ਪਾਣੀ ਨੂੰ ਰਿੜਕੀ ਜਾਣਾ ਕੁਝ ਫਾਇਦਾ ਨਹੀਂ । ਗੁਰੂ ਦੀ ਗੱਦੀ ਨੂੰ ਕੋਈ ਬੰਦਾ ਹਿਲਾ ਨਹੀਂ ਸਕਦਾ । ਇਹ ਧੁਰ ਦੀ ਬਖ਼ਸ਼ਿਸ਼ ਏ । ਇਹ ਸੁੱਚੀ, ਇਹ ਉੱਤਮ ਤੇ ਭੱਠੀ ਵਿਚੋਂ ਪੱਕ ਕੇ ਕੁੰਦਨ ਬਣ ਕੇ ਨਿਕਲੀ ਹੋਈ ਏ । ਗੁਰੂ ਬਾਬੇ ਦੀ ਧਰੀ ਨੀਂਹ ਅਟੱਲ ਏ ਦ੍ਰਿੜ ਰਹੇਗੀ ਤੇ ਸਦਾ ਵੰਡਦੀ ਰਹੇਗੀ ਬਰਕਤਾਂ :-
ਅਬਚਲ ਨੀਵ ਹੈ ਗੁਰ ਕੇਰੀ ॥
ਰਹੇ ਸਦਾ ਕਿਢ ਸੁਖਦ ਬਢੇਰੀ ॥
ਫਿਰ ਫਰਮਾਇਆ, —ਤੁਸੀ ਤਾਂ ਮੇਰੀ ਮਾਤਾ ਹੋ । ਤੁਹਾਨੂੰ ਤੇ ਘੱਟ ਤੋਂ ਘੱਟ ਹੋਰਨਾਂ ਨਾਲੋਂ ਵੱਖਰਾ ਸੋਚਣਾ ਚਾਹੀਦਾ ਏ । ਜਗਤ ਰਚਨਾ ਦਾਤੇ ਨੇ ਰਚੀ ਏ । ਖੇਲ ਤਮਾਸ਼ਾ ਏ ਚਾਰ ਦਿਨ ਦਾ ।