ਹੋ ਗਈਆਂ । ਚਿਹਰਾ ਸ਼ਿੰਗਰਫ ਵਾਂਗੂੰ ਸੁਰਖ਼ ਹੋ ਗਿਆ । ਅੱਖਾਂ ਵਿਚੋਂ ਅੰਗਿਆਰੇ ਨਿਕਲ ਰਹੇ ਸਨ ।
-ਐਨੀ ਵੱਡੀ ਜੁਰਅਤ, ਐਨੀ ਵੱਡੀ ਗੁਸਤਾਖੀ, ਐਨਾ ਵੱਡਾ ਗ਼ਰੂਰ । ਔਰੰਗਜ਼ੇਬ ਨੇ ਤਾਂ ਕਦੇ ਕਿਸੇ ਦੀ ਮਗਰੂਰੀ ਬਰਦਾਸ਼ਤ ਨਹੀਂ ਕੀਤੀ । ਇਹ ਕੌਣ ਏ? ਇਹ ਕੀ ਏ? ਕੱਲ੍ਹ ਦਾ ਜੰਮਿਆ ਛੋਕਰਾ, ਜੁੰਮਾ-ਜੁੰਮਾ ਅੱਠ ਦਿਨ । ਅਜੇ ਤਾਂ ਦੁੱਧ ਦੀਆਂ ਦੰਦੀਆਂ ਵੀ ਨਹੀਂ ਟੁੱਟੀਆਂ । ਅਜੇ ਤਾਂ ਮੱਸ ਵੀ ਨਹੀਂ ਫੁੱਟੀ । ਅਜੇ ਤਾਂ ਜਵਾਨੀ ਵੀ ਨਹੀਂ ਚੜ੍ਹਿਆ । ਕੱਚੀ ਧਰੇਕ ਵਾਂਗੂ ਕੱਚੀਆਂ ਹੱਡੀਆਂ । ਭੋਲਾ ਜਿਹਾ ਲਾਡਲਾ ਸ਼ਹਿਜ਼ਾਦਾ ਇਕ ਰਿਆਸਤ ਦਾ ਐਨਾ ਜ਼ਹਿਰੀਲਾ ਏ । ਸੱਪ ਦਾ ਪੁੱਤ ਸਪੋਲੀਆ । ਇਨ੍ਹਾਂ ਦੇ ਦੰਦ ਜੰਮਦਿਆਂ ਈ ਤਿੱਖੇ ਹੁੰਦੇ ਹਨ । ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ । ਕੁੰਡਲੀਆ ਸੱਪ । ਬੜੀ ਆਕੜਖਾਨੀ ਏ । ਕਿਹੜੀ ਗੱਲ ਦੀ ਮਗਰੂਰੀ ਏ ? ਹੰਕਾਰ ਕਿਸ ਗੱਲ ਦਾ ਏ । ਨਿੱਕੀ ਜਿਹੀ ਰਿਆਸਤ । ਆਟੇ 'ਚ ਲੂਣ ਜਿੰਨੀ ਕੌਮ ਤੇ ਤਕੱਬਰ ਐਨਾ ਵੱਡਾ ਜਿੱਦਾਂ ਖ਼ੁਦਾ ਦਾ ਬੇਟਾ ਹੋਵੇ । ਯਾ ਅੱਲ੍ਹਾ ! ਬੰਦਾ ਵੀ ਕਿਸੇ ਵੇਲੇ ਬਿਨਾਂ ਸੋਚਿਆਂ ਸਮਝਿਆਂ ਕਿੰਨੀ ਵੱਡੀ ਹਿਮਾਕਤ ਕਰ ਬੈਠਦਾ ਏ । ਸੱਚਦਾ ਈ ਨਹੀਂ ਕਿ ਇਹਦਾ ਅੰਜਾਮ ਕੀ ਹੋਵੇਗਾ। ਯਾਰੋ ਔਰੰਗਜ਼ੇਬ ਸਾਹਮਣੇ ਅੱਜ ਤੀਕ ਕਿਸੇ ਧੌਣ ਅਕੜਾ ਕੇ ਵੇਖਣ ਦੀ ਜੁਰਅਤ ਨਹੀਂ ਕੀਤੀ । ਨਾਂ ਸੁਣਦਿਆਂ ਹਵਾ ਸਰਕ ਜਾਂਦੀ ਏ । ਮੈਂ ਧੌਣ ਦਾ ਮਣਕਾ ਤੋੜਨਾ ਜਾਣਦਾ ਹਾਂ ! ਮੈਂ ਉਸਨੂੰ ਸਫ਼ਾ-ਏ-ਹਸਤੀ ਤੋਂ ਮਿਟਾ ਦਿਆਂਗਾ ਜਿਸ ਮੇਰੇ ਸਾਹਵੇਂ ਜ਼ਰਾ ਕੁ ਵੀ ਅੱਖਾਂ ਉੱਚੀਆਂ ਕਰ ਕੇ ਵੇਖਿਆ। ਖ਼ੁਦਾ ਦੀ ਪਨਾਹ, ਮੈਂ ਸ਼ਹਿਨਸ਼ਾਹ ਤੇ ਉਹ ਫ਼ਕੀਰਾਂ ਦੇ ਟੋਲੇ ਦਾ ਇਕ ਨਬਾਲਗ ਬੱਚਾ। ਮੈਂ ਮੁਲਖ ਮਿਲਖ ਦਾ ਮਾਲਕ। ਮੇਰਾ ਪਾਣੀ ਭਰੇ ਸਾਰਾ ਹਿੰਦੁਸਤਾਨ ਤੇ ਉਹ ਇਕ ਧੂੰਣੇ ਦਾ ਰਖਵਾਲਾ ।
ਜ਼ਮਾਨੇ 'ਕ ਬਾਲ ਹੱਠ ਤੇ ਰਾਜ ਹੱਠ ਇਹ ਦੋਵੇਂ ਮਸ਼ਹੂਰ ਸਨ । ਟੱਕਰ ਹੁਣ ਇਕ ਬਾਲ ਤੇ ਇਕ ਰਾਜੇ ਦੀ ਏ । ਵੇਖੋ ਕੌਣ ਜਿੱਤਦਾ ਏ ? ਜੇ ਮੈਂ ਜਿੱਤ ਵੀ ਗਿਆ ਤੇ ਫਿਰ ਦੁਨੀਆਂ ਨੇ ਮੈਨੂੰ ਬਾਦਸ਼ਾਹ ਆਖ ਕੇ ਗੱਲ ਹਵਾ ਵਿਚ ਉਡਾ ਦੇਣੀ ਤੇ ਉਹਨੂੰ ਬਾਲ ਅੰਞਾਣਾ ਆਖ ਕੇ ਮਿਟੀ ਪਾ ਦੇਣੀ ਏ । ਤੇ ਕਿਸੇ ਨੇ ਆਖਣਾ ਏ ਬੱਚਾ ਏ, ਖਿਡੌਣਿਆਂ ਨਾਲ ਖੇਡਣ ਵਾਲਾ ਸੀ। ਬੱਚਾ ਸੀ ਡਰਾ ਲਿਆ ਸੂ ਕਿਹੜਾ ਚਿਤੌੜ ਦਾ ਕਿਲਾ ਜਿੱਤ ਲਿਆ ਸੀ । ਬਾਦਸ਼ਾਹ ਦਾ ਈਮਾਨ ਏ ਬੱਚੇ ਦਾ ਦਿਲ ਬਹਿਲਾਵੇ, ਬੱਚੇ ਨੂੰ ਆਹਰੇ ਲਾਵੇ, ਖੇਡਣ ਦੀ ਜਾਚ ਦੱਸੇ। ਖੇਡੇ ਲਾਇਆ ਜਾਵੇ ਤੇ ਆਪਣੇ ਰਾਹ ਪਵੇ । ਮੈਨੂੰ ਸਿਰ ਅੜਾਉਣਾ ਸ਼ੋਭਾ ਨਹੀਂ ਦਿੰਦਾ ਤਲਵਾਰ ਦਾ ਭੈਅ ਦਿਖਾਉਣਾ ਕਿੱਥੋਂ ਦੀ ਦਾਨਸ਼ਮੰਦੀ ਏ । ਬੱਚਾ ਏ ਉਹ ਕੀ ਜਾਣੇ ਤਲਵਾਰ ਨੂੰ । ਉਹ ਦੇ ਸਾਹਮਣੇ ਫਨੀਅਰ ਸੱਪ ਸੁੱਟ ਦਿਉ ਤੇ ਉਹਦੇ ਨਾਲ ਵੀ ਖੇਡਣ ਲੱਗ ਪਵੇਗਾ। ਜੇ ਮੈਂ ਇਕ ਬੱਚੇ ਨਾਲ ਉਲਝ ਖਲੋਤਾ ਤਾਂ ਲੋਕ ਮੇਰਾ ਮਜ਼ਾਕ ਉਡਾਉਣਗੇ । ਲੋਕ ਮੇਰੀ ਅਕਲ ਦੀ ਖਿੱਲੀ ਉਡਾਉਣਗੇ । ਮੇਰੀ ਬਜ਼ੁਰਗੀ ਕਾਹਦੀ ਹੋਈ । ਮੈਂ ਸਿਆਣਾ ਕਿਥੋਂ ਦਾ ਹੋਇਆ । ਬੱਚਾ ਵੀ ਬਾਦਸ਼ਾਹ ਹੁੰਦਾ ਏ । ਬਾਦਸ਼ਾਹਾਂ ਨੂੰ ਛੱਤੀ ਰੋਗ ਤੇ ਪੰਡਾਂ ਬੱਝੀਆਂ ਸੋਚਾਂ । ਬੱਚੇ ਨੂੰ ਕਾਹਦਾ ਫ਼ਿਕਰ ਏ । ਬਾਦਸ਼ਾਹ ਤੇ ਬੱਚੇ ਵਿਚ ਫਿਰ ਫ਼ਰਕ ਕੀ ਏ । ਦੋਵੇਂ ਆਪੋ ਆਪਣੀ ਥਾਂ ਬਾਦਸ਼ਾਹ ਹਨ ।
—ਹਜ਼ੂਰ, ਆਲਮ ਪਨਾਹ ! ਇਸ ਮਹਿਲ ਵਿਚ ਅੱਜ ਕੱਲ੍ਹ ਕੌਣ ਨਵਾਰਦ ਹੋਇਆ ਏ ।
-ਅਨੰਦਪੁਰ ਦਾ ਸਾਹਿਬਜ਼ਾਦਾ, ਸਿੱਖਾਂ ਦਾ ਗੁਰੂ । ਬਾਲ ਅਵਸਥਾ ਵਿਚ । ਕੱਲ੍ਹ ਦਿੱਲੀ ਵਿਚ ਆਇਆ ਤੇ ਸਾਰੀ ਦਿੱਲੀ ਮਗਰ ਲਾ ਲਈ ਸੂ । ਦਿੱਲੀ ਵਾਲੇ ਡਰਦੇ ਮੇਰਾ ਨਾਂ ਲੈਂਦੇ ਹਨ।