ਅੱਠਵਾਂ ਅਜੂਬਾ
ਮਈ ਮਹੀਨੇ ਦੀ ਐਤਵਾਰੀ, ਸੁਨਹਿਰੀ ਸੁਹਾਵਣੀ ਸਵੇਰ ਲੰਡਨ ਦੇ ਕਾਹਲੇ, ਕੁਸੈਲੋ ਅਤੇ ਰੋਲੇ ਵਾਲੇ ਜੀਵਨ ਨੂੰ ਆਰਾਮ, ਆਨੰਦ ਅਤੇ ਏਕਾਂਤ ਦੀਆਂ ਦੁਰਲੱਭ ਦੋਲਤਾਂ ਵੰਡ ਰਹੀ ਸੀ। ਉੱਤਰ-ਪੂਰਬੀ ਲੰਡਨ ਦੇ ਮੁਹੱਲੇ, ਕਲੇਅ ਹਾਲ, ਵਿਚ ਆਪਣੇ ਘਰ ਦੇ ਪਿਛਵਾੜੇ ਬਗੀਚੇ ਵਿਚ ਹਰੇ ਮਖਮਲੀ ਘਾਹ ਦੀ ਵਿਛਾਈ ਉੱਤੇ ਟਿਕਾਏ ਹੋਏ ਗਾਰਡਨ ਫ਼ਰਨੀਚਰ ਵਿਚਲੀ ਕੁਰਸੀ ਉੱਤੇ ਬੈਠਾ ਗੁਰਪ੍ਰਸਾਦ ਸਿੰਘ ਗਿੱਲ ਵਾਤਵਰਣ ਵਿਚਲੀ ਖ਼ਾਮੋਸੀ ਨੂੰ ਧਿਆਨ ਨਾਲ ਸੁਣ ਰਿਹਾ ਸੀ। ਅਪ੍ਰੈਲ ਦੇ ਫਰਾਹਟਿਆਂ ਵਿਚ ਨ੍ਹਾਉਣ ਪਿਛੋਂ ਵਲੈਤ ਦੀ ਧਰਤੀ ਖ਼ੁਸਬੋਆਂ ਅਤੇ ਖੇੜਿਆਂ ਦੇ ਵਸਤਰ ਧਾਰਨ ਕਰਨ ਦੇ ਆਹਰ ਵਿਚ ਸੀ। ਸਵੇਰ ਦੇ ਨੌਂ ਵੱਜ ਚੁੱਕੇ ਸਨ। ਮਈ ਦੀ ਮੁਲਾਇਮ ਧੁੱਪ ਕੁਤਕੁਤਾਰੀਆਂ ਕੱਢ ਕੇ ਫੁੱਲਾਂ ਨੂੰ ਮੁਸਕਾਉਣ ਲਈ ਮਜਬੂਰ ਕਰ ਰਹੀ ਸੀ। ਗਿੱਲ ਸਾਹਿਬ ਦੀ ਪਤਨੀ ਇਸ਼ਨਾਨ ਤੋਂ ਵਿਹਲੀ ਹੋ ਕੇ ਸੁਖਮਨੀ ਪੜ੍ਹ ਰਹੀ ਸੀ ਅਤੇ ਬੇਟੀ, ਨਵੀਨਾ, ਅਜੇ ਜਾਗੀ ਨਹੀਂ ਸੀ।
ਉਸ ਨੂੰ ਪਹਿਲੀ ਵੇਰ ਅਹਿਸਾਸ ਹੋਇਆ ਕਿ ਲੰਡਨ ਵਿਚ ਟਿਕਾਓ, ਖ਼ਾਮੋਸ਼ੀ ਅਤੇ ਏਕਾਂਤ ਵੀ ਸੰਭਵ ਹੈ। ਉਸ ਨੇ ਪਿਛਲੇ ਛੱਬੀ ਸਾਲ ਸੰਘਰਸ਼ ਅਤੇ ਦੌੜ-ਭੱਜ ਦਾ ਜੀਵਨ ਜੀਵਿਆ ਸੀ। ਉਸਦਾ ਪਰਵਾਸੀ ਜੀਵਨ ਇਕ ਪ੍ਰਕਾਰ ਦੀ ਮੈਰਾਥਨ ਦੌੜ ਸੀ; ਛੱਬੀ ਸਾਲਾ ਮੈਰਾਥਨ, ਜਿਸ ਦੀ ਸਫਲ ਸੰਪੂਰਣਤਾ ਉਸ ਲਈ ਵੱਡੇ ਮਾਣ ਵਾਲੀ ਗੱਲ ਸੀ। ਇਸ ਦੌੜ ਬਾਰੇ ਸੋਚਣਾ ਉਸ ਨੂੰ ਸੁਆਦਲਾ ਲੱਗਾ। ਦੌੜਦਿਆਂ ਹੋਇਆ ਉਹ ਮੰਜ਼ਲ ਵੱਲ ਵੇਖਦਾ ਰਿਹਾ ਸੀ। ਮੰਜ਼ਲ ਉੱਤੇ ਟਿਕੀ ਹੋਈ ਅੱਖ ਮਾਰਗ ਦੀ ਸੁੰਦਰਤਾ ਨਾਲ ਸਾਂਝ ਪਾਉਣੀ ਭੁੱਲ ਜਾਂਦੀ ਹੈ। ਮੰਜ਼ਲ ਉੱਤੇ ਪੁੱਜੇ ਹੋਏ ਸਫਲ ਆਦਮੀ ਲਈ ਆਪਣੇ ਸੁਖਾਵੇ ਸਫਰ ਬਾਰੇ ਸੋਚਣ ਵਿਚ ਉਹੋ ਆਨੰਦ ਹੁੰਦਾ ਹੈ ਜਿਹੜਾ ਮੋਟਰ ਗੱਡੀ ਵਿਚ ਬੈਠੇ ਮੰਜ਼ਲ-ਮੋਹ-ਮੁਕਤ ਬੱਚੇ ਲਈ ਪਿੱਛੇ ਰਹਿੰਦੇ ਜਾ ਰਹੇ ਦ੍ਰਿਸ਼ ਨੂੰ ਵੇਖਣ ਵਿਚ ਹੁੰਦਾ ਹੈ।
ਛੱਬੀ ਸਾਲ ਪਹਿਲਾਂ, ਸੰਨ 1966 ਵਿਚ ਜਦੋਂ ਉਹ ਲੰਡਨ ਆਇਆ ਸੀ, ਉਸ ਦੀ ਉਮਰ ਉਨਤਾਲੀ ਸਾਲ ਸੀ। ਉਹ ਆਪਣੇ ਨਾਲ ਐੱਮ.ਐੱਸ ਸੀ: ਐੱਮ.ਐੱਡ. ਦੀ ਵਿਦਿਆ, ਪੰਦਰਾਂ ਸਾਲ ਦਾ ਟੀਚਿੰਗ ਐਕਸਪੀਰਿਐਂਸ, ਗਿਆਰਾਂ ਅਤੇ ਅੱਠ ਸਾਲ ਦੇ ਦੇ ਪੁੱਤ ਅਤੇ ਇਕ ਪੜ੍ਹੀ ਲਿਖੀ ਸੁਘੜ ਸੁਸ਼ੀਲ ਪਤਨੀ ਲੈ ਕੇ ਆਇਆ ਸੀ । ਬੇਟੀ ਨਵੀਨਾ ਲੰਡਨ ਆਉਣ ਤੋਂ ਦੋ ਸਾਲ ਬਾਅਦ ਜਨਮੀ ਸੀ। ਵਿਦਿਆ ਅਤੇ ਤਜਰਬੇ ਦੇ ਆਧਾਰ ਉੱਤੇ, ਉਸ ਨੂੰ, ਨੌਕਰੀ ਲੱਭਣ ਵਿਚ ਕੋਈ ਔਖ ਨਾ ਆਈ। ਪਰੰਤੂ ਸਾਰੇ ਸਕੂਲ ਵਿਚ ਪਗੜੀ ਅਤੇ ਦਾਹੜੀ ਵਾਲਾ ਇੱਕੋ ਇਕ ਅਧਿਆਪਕ ਹੋਣ ਕਰਕੇ ਉਸ ਨੂੰ ਕੁਝ ਓਪਰਾਪਨ ਮਹਿਸੂਸ ਹੁੰਦਾ ਸੀ। ਕੁਝ ਹਫਤਿਆਂ ਵਿਚ ਹੀ ਉਸ ਨੂੰ ਯਕੀਨ ਹੋ ਗਿਆ ਕਿ ਸੂਝ-ਬੂਝ, ਆਮ ਵਾਕਫ਼ੀਅਤ ਅਤੇ ਅਧਿਆਪਨ ਦੀ ਯੋਗਤਾ ਵਿਚ ਉਹ ਸਾਰੇ ਸਟਾਫ਼ ਨਾਲੋਂ ਸਿਰਕੱਢ