-ਮੰਜੇ ਦੀ ਪੁਆਦੀ ਬੈਠਦਿਆਂ, ਬਾਬੇ ਦੇ ਪੈਰ ਨੂੰ ਹਲੂਣ ਕੇ ਨੂਰ ਦੀਨ ਨੇ ਆਖਿਆ, "ਚਾਚਾ, ਸਲਾਮ।"
ਬਾਬਾ ਅੱਖਾਂ ਮਲਦਾ ਉਠ ਕੇ ਬੈਠ ਗਿਆ। "ਸੁਣਾ ਨੂਰ ਦੀਨਾ ਕਿਵੇਂ ਆਇਆ ? ਚਰਾ ਅੱਖ ਲੱਗ ਗਈ ਸੀ।"
"ਤੇਰੇ ਕੋਲੋਂ ਮੁਆਫੀ ਮੰਗਣ ਆਇਆ, ਚਾਚਾ।"
“ਮਾਫ਼ੀ ? ਮਾਫ਼ੀ ਕਿਹੜੀ ਗੱਲ ਦੀ ਨੂਰ ਦੀਨਾ ?" ਬਾਬੇ ਨੇ ਹੈਰਾਨ ਹੋ ਕੇ ਪੁੱਛਿਆ।
"ਬੰਦਾ ਖ਼ਤਾਵਾਰ ਜੁ ਹੋਇਆ। ਕੀ ਪਤਾ ਕਿਸੇ ਵੇਲੇ ਕੁਝ ਆਖਿਆ ਗਿਆ ਹੋਵੇ ।"
"ਤਾਂ ਕੀ ਹੋਇਆ, ਬਰਖ਼ੁਰਦਾਰ। ਜਿਸ ਪਤਾ ਦਾ ਪਤਾ ਨਹੀਂ, ਉਸ ਦੀ ਮਾਫ਼ੀ ਕਾਹਦੀ ?"
"ਗੱਲ ਇਹ ਹੈ, ਚਾਚਾ, ਅੱਬਾ ਹੱਜ ਕਰਨਾ ਚਾਹੁੰਦਾ, ਉਹਦੀ ਸਿਹਤ ਠੀਕ ਨਹੀਂ। ਮੈਂ ਜਾਣਾ ਉਹਦੀ ਥਾਂ ਹੱਜ ਕਰਨ । ਤੈਨੂੰ ਪਤਾ ਹੱਜ ਉੱਤੇ ਜਾਣ ਤੋਂ ਪਹਿਲਾਂ ਸਾਰੇ ਗੁੱਸੇ ਗਿਲੇ ਛੱਡਣੇ ਪੈਂਦੇ ਆ: ਸਾਰੀਆਂ ਕੋਲੋਂ ਮੁਆਫ਼ੀ ਮੰਗ ਕੇ ਜਾਈਦਾ।"
ਨੂਰ ਦੀਨ ਰਸਮੀ ਮੁਆਫੀ ਮੰਗ ਕੇ ਪਿੰਡ ਦੇ ਬਾਕੀ ਲੋਕਾਂ ਕੋਲੋਂ ਮੁਆਫ਼ੀ ਮੰਗਣ ਚਲੇ ਗਿਆ। ਬਾਬਾ ਮੁੜ ਮੰਜੇ ਉੱਤੇ ਨਾ ਪੈ ਸਕਿਆ। ਸੋਚੀ ਪੈ ਗਿਆ, 'ਜਿਸ ਖ਼ਤਾ ਦਾ ਪਤਾ ਨਹੀਂ, ਉਸ ਦੀ ਮਾਫ਼ੀ ਕਾਹਦੀ। ਜਿਸ ਖਤਾ ਦਾ । ਪਰ ਮੇਰੀ ਖਤਾ ਦਾ ਮੈਨੂੰ ਪਤਾ ਹੈ। ਇਹ ਤਾਂ ਸੁਪਨੇ ਵਿਚ ਵੀ ਮੇਰਾ ਪਿੱਛਾ ਨਹੀਂ ਛੱਡਦੀ।'
ਬਾਬਾ ਉਠ ਕੇ ਘਰ ਗਿਆ। ਗੁੜ ਦੀਆਂ ਦੇ ਰੋੜੀਆਂ ਪਰਨੇ ਦੇ ਪੱਲੇ ਬੰਨ੍ਹ ਕੇ ਨਾਲ ਲਈਆਂ ਤੇ ਸਿਖਰ ਦੁਪਹਿਰੇ ਅੱਠ ਕੋਹ ਪੈਂਡਾ ਮਾਰ ਕੇ ਚੰਦਾ ਸਿੰਘ ਕੋਲ ਪੁੱਜ ਗਿਆ। ਪਿੱਪਲ ਦੀ ਛਾਵੇਂ ਮੰਜਿਆਂ ਉੱਤੇ ਪਏ ਲੋਕ ਬਾਬੇ ਨੂੰ ਆਇਆ ਵੇਖ ਹੈਰਾਨ ਹੋਏ। ਚੰਦਾ ਸਿੰਘ ਉਠ ਕੇ ਖਲੋ ਗਿਆ। ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਬਾਬੇ ਨੇ ਆਖਿਆ,
"ਪੋਤੇ ਦੀ ਵਧਾਈ ਚੰਦਾ ਸਿਆ। ਮੈਂ ਕਸ਼ਮੀਰੇ ਦੇ ਵਿਆਹ ਦੀ ਭਾਜੀ ਦੇਣ ਆਇਆਂ।"
"ਏਡੀ ਧੁੱਪ ਵਿਚ....... ਕੋਈ ਲਾਗੀ......"
ਚੰਦਾ ਸਿੰਘ ਨੂੰ ਗਲ ਨਾਲ ਲਾ ਕੇ ਬਾਬੇ ਨੇ ਆਖਿਆ, "ਲਾਗੀ ਘੱਲਦਾ ਤਾਂ ਆਹ ਠੰਢ ਕਿਵੇਂ ਪੈਂਦੀ ?"