ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਜਦੋਂ ਮੈਂ ਇਸ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ, ਉਦੋਂ ਕਪੂਰ ਸਾਹਿਬ ਆਪਣਾ ਕੰਮ ਆਪਣੇ ਛੋਟੇ ਪੁੱਤ੍ਰ ਜਿਤਿੰਦਰ ਨੂੰ ਸੌਂਪ ਕੇ ਆਪ ਆਪਣੀ ਰੂਹਾਨੀ ਲਗਨ ਵਿਚ ਲੀਨ ਹੋਣ ਦੀ ਤਿਆਰੀ ਕਰ ਰਹੇ ਸਨ। ਸੱਠ ਸਾਲ ਦੀ ਉਮਰ ਵਿਚ ਆਪਣੀ ਪਤਨੀ ਦੇ ਸਦੀਵੀ ਵਿਛੋੜੇ ਨੂੰ ਆਪਣੇ ਲਈ ਰੱਬੀ ਸੰਕੇਤ ਸਮਝਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਸੰਸਾਰਕ ਪਸਾਰੇ ਸਮੇਟਣੇ ਸ਼ੁਰੂ ਕਰ ਲਏ।
ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਨ੍ਹਾਂ ਦੇ ਪੁਤ੍ਰ ਉਨ੍ਹਾਂ ਦੇ ਪਾਏ ਪੂਰਨਿਆਂ ਉੱਤੇ ਤੁਰਦੇ ਹੋਏ ਉਨ੍ਹਾਂ ਦੇ ਕਾਰੋਬਾਰ ਨੂੰ ਸਿਆਣਪ, ਸੁਹਿਰਦਤਾ ਅਤੇ ਸੁੰਦਰਤਾ ਨਾਲ ਕਰਦੇ ਸਨ। ਦੋਵੇਂ ਭਰਾ ਉਮਰ ਭਾਵੇਂ ਛੋਟੇ ਵੱਡੇ ਸਨ ਪਰ ਗੁਣਾਂ ਵਿਚ ਕੋਈ ਵੀ ਇਕ ਦੂਜੇ ਨਾਲੋਂ ਘੱਟ ਨਹੀਂ ਸੀ । ਤਾਂ ਵੀ ਇਕ ਫ਼ਰਕ ਜਰੂਰ ਸੀ, ਵੱਡਾ ਸੁਰਿੰਦਰ, ਆਪਣੇ ਪਿਤਾ ਵਾਂਗ ਅਧਿਆਤਮਕ ਰੁੱਚੀ ਵਾਲਾ ਅੰਤਰਮੁਖੀ ਸੀ ਅਤੇ ਛੋਟਾ ਜਿਤਿੰਦਰ, ਸਮਾਜਕ ਜੀਵਨ ਵਿਚ ਭਰਪੂਰ ਭਾਗ ਲੈਣ ਵਾਲਾ ਬਾਹਰਮੁਖੀ ਸੀ । ਉਹ ਆਪਣੇ ਸਟਾਫ਼ ਦੇ ਹਰ ਆਦਮੀ ਦਾ ਮਿੱਤਰ ਸੀ। ਉਸ ਨੂੰ ਆਪਣੇ ਨਾਲ ਕੰਮ ਕਰਦੇ ਹਰ ਆਦਮੀ ਬਾਰੇ ਸਭ ਕੁਝ ਪਤਾ ਹੁੰਦਾ ਸੀ। ਕਿਸ ਨੂੰ ਕਿਹੜੀ ਚਿੰਤਾ ਜਾਂ ਲੋੜ ਹੈ, ਉਹ (ਪਤਾ ਨਹੀਂ ਕਿਵੇਂ) ਜਾਣ ਜਾਂਦਾ ਸੀ।
ਇਸ ਸੰਬੰਧ ਵਿਚ ਇਕ ਘਟਨਾ ਦਾ ਵਰਣਨ ਜ਼ਰੂਰੀ ਸਮਝਦਾ ਹਾਂ। ਮੈਨੂੰ ਉਸ ਨਾਲ ਕੰਮ ਕਰਦਿਆਂ ਦੋ ਕੁ ਮਹੀਨੇ ਹੋਏ ਸਨ ਕਿ ਮੇਰੀ ਨੇ ਕੁ ਮਹੀਨਿਆਂ ਦੀ ਬੱਚੀ, ਰਿਚਾ ਨੂੰ ਅਚਾਨਕ ਕੋਈ ਇਨਫੈਕਸ਼ਨ ਹੋ ਗਈ। ਮੈਂ ਅਤੇ ਮੇਰੀ ਪਤਨੀ ਰਾਤ ਭਰ ਪਰੇਮਾਨ ਰਹੇ। ਬੱਚੀ ਨੂੰ ਉਲਟੀਆਂ ਆਉਂਦੀਆਂ ਰਹੀਆਂ। ਦੁੱਧ ਜਾਂ ਪਾਣੀ ਕੁਝ ਵੀ ਉਸ ਨੂੰ ਪੱਚਦਾ ਨਹੀਂ ਸੀ। ਉਹ ਕਮਜ਼ੋਰ ਅਤੇ ਨਿਢਾਲ ਹੁੰਦੀ ਗਈ। ਅਸਾਂ ਸਾਰੀ ਰਾਤ ਅੱਖਾਂ ਵਿਚ ਕੱਢੀ।
ਅਗਲਾ ਦਿਨ ਚੜ੍ਹਿਆ। ਮੈਂ ਘਰਵਾਲੀ ਨੂੰ ਆਖਿਆ, "ਮੇਰਾ ਕੰਮ ਨਵਾਂ ਨਵਾਂ ਹੈ। ਗ਼ੈਰਹਾਜ਼ਰੀ ਕਰਨੀ ਠੀਕ ਨਹੀਂ। ਮੈਂ ਕੰਮ ਉੱਤੇ ਜਾਂਦਾ ਹਾਂ, ਤੂੰ ਰਿਚਾ ਨੂੰ ਡਾਕਟਰ ਕੋਲ ਲੈ ਜਾਵੀਂ।"
"ਤੁਸੀਂ ਚਿੰਤਾ ਨਾ ਕਰੋ, ਮੈਂ ਇਸ ਨੂੰ ਡਾਕਟਰ ਕੋਲ ਲੈ ਜਾਵਾਂਗੀ, ਪਰ ਦਿਨ ਵਿਚ ਇਕ ਦੋ ਵੇਰ ਟੈਲੀਫ਼ੋਨ ਕਰ ਕੇ ਹਾਲ ਜ਼ਰੂਰ ਪੁੱਛ ਲੈਣਾ, ਕੋਈ ਪਤਾ ਨਹੀਂ ਹੁੰਦਾ।"
ਮੇਰੇ ਘਰਵਾਲੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।
ਸਾਢੇ ਅੱਠ ਵਜੇ ਘਰੋਂ ਚੱਲ ਕੇ ਜਦੋਂ ਨੌਂ ਵਜੇ ਮੈਂ ਦਫ਼ਤਰ ਪੁੱਜਾ ਤਾਂ ਜਿਤਿੰਦਰ