ਦੁਪਹਿਰੋਂ ਬਾਅਦ ਦਫਤਰ ਸਾਹਮਣੇ ਇਕ ਟੈਕਸੀ ਆ ਕੇ ਰੁਕੀ। ਮਿਸਟਰ ਅਤੇ ਮਿਸਿਜ਼ ਕਲੇਅਰ ਉਸ ਵਿੱਚ ਨਿਕਲੇ। ਉਹ ਏਅਰ ਪੋਰਟ ਤੋਂ ਸਿੱਧੇ ਏਥੇ ਆਏ ਸਨ। ਜਿਤਿੰਦਰ ਦੀ ਅਚਾਨਕ ਮੌਤ ਦੀ ਖ਼ਬਰ ਉਨ੍ਹਾਂ ਨੂੰ ਸਿਡਨੀ ਦੇ ਹੋਟਲ ਵਿਚ ਦੇਣ ਦੀ ਕੋਸ਼ਿਸ ਕੀਤੀ ਗਈ ਸੀ । ਪਰ ਉਹ ਉਸ ਟਿਕਾਣੇ ਤੋਂ ਕਿਧਰੇ ਹੋਰਥੇ ਚਲੇ ਗਏ ਸਨ ਅਤੇ ਹੋਟਲ ਦੇ ਕਰਮਚਾਰੀਆਂ ਕੋਲ ਉਨ੍ਹਾਂ ਦਾ ਕੋਈ ਪਤਾ ਜਾਂ ਟੈਲੀਫੋਨ ਨੰਬਰ ਨਹੀਂ ਸੀ। ਜਦੋਂ ਉਹ ਹੋਟਲ ਪਰਤੇ ਤਾਂ ਉਨ੍ਹਾਂ ਨੂੰ ਖ਼ਬਰ ਦਿੱਤੀ ਗਈ। ਉਹ ਪਹਿਲੀ ਫਲਾਈਟ ਉੱਤੇ ਲੰਡਨ ਮੁੜ ਆਏ ਅਤੇ ਏਅਰ ਪੋਰਟ ਤੋਂ ਸਿੱਧੇ ਦਫਤਰ ਪੁੱਜੇ। ਕੈਬਿਨ ਵਿਚ ਬੇਠੇ ਕਪੂਰ ਸਾਹਿਬ ਨੇ ਆਪਣੇ ਪਿਤਾ ਸਮਾਨ ਵੱਡੇ ਭਰਾ ਮਿਸਟਰ ਕਲੇਅਰ ਅਤੇ ਮਾਤਾ ਸਮਾਨ ਭਰਜਾਈ, ਮਿਸਿਜ਼ ਕਲੇਅਰ ਨੂੰ ਟੈਕਸੀ ਵਿੱਚੋਂ ਨਿਕਲਦੇ ਵੇਖਿਆ। ਉਹ ਛੇਤੀ ਛੇਤੀ ਉਨ੍ਹਾਂ ਨੂੰ ਮਿਲਣ ਲਈ ਕੈਬਿਨ ਵਿੱਚੋਂ ਨਿਕਲੇ। ਮਿਸਟਰ ਐਂਡ ਮਿਸਿਜ਼ ਕਲੇਅਰ ਛੇਤੀ ਛੇਤੀ ਟੈਕਸੀ ਵਿੱਚੋਂ ਨਿਕਲ ਕੇ ਕੈਬਿਨ ਵੱਲ ਵਧੋ। ਉਚਿਆਈਆਂ ਦੀ ਏਕਾਂਤ ਦਾ ਤਿਆਗ ਕਰਕੇ ਤੁਰੀ ਆਉਂਦੀ 'ਅਧਿਆਤਮਕਤਾ' ਅਤੇ ਸੰਸਾਰਕ ਸੰਬੰਧਾ ਦੀ ਸੁੰਦਰਤਾ ਦੇ ਰੂਪ ਵਿਚ ਮਹਿਕਦੀ ਮੌਲਦੀ 'ਮਮਤਾ' ਦਾ ਅੱਧਵਾਟੇ ਮੇਲ ਹੋਇਆ। ਮਾਂ ਇੱਛਰਾਂ ਅਤੇ ਪੂਰਨ ਦੇ ਮਿਲਾਪ ਵਰਗਾ ਮੇਲ: ਜਿਸ ਮੇਲ ਵਿਚ "ਪੂਰਨ ਜੋਗ ਭੁਲਾ ਸਾਰਾ।"
ਦਫ਼ਤਰ ਵਿਚ ਸਾਡੇ ਸਾਰਿਆ ਦੇ ਸਾਹਮਣੇ ਹੰਝੂਆਂ ਵਿਚ ਡੁੱਬੀ ਮਿਸਿਜ਼ ਕਲੇਅਰ ਨੇ ਧਾਹਾਂ ਮਾਰ ਮਾਰ ਰੋਂਦੇ ਕਪੂਰ ਸਾਹਿਬ ਨੂੰ ਆਪਣੀ ਗੋਦੀ ਵਿਚ ਲੈ ਲਿਆ। ਸੀਤਾ-ਲਛਮਣ ਦੇ ਇਸ ਕਰੁਣਾ ਭਰੇ ਮਿਲਾਪ ਨੂੰ ਵੇਖ ਕੇ ਸਾਡਾ (ਸਾਰੇ ਕਰਮਚਾਰੀਆਂ ਦਾ) ਕੜ ਬਾਟ ਗਿਆ। ਹੰਝੂਆਂ ਦਾ ਅਵਿਰਲ ਪਰਵਾਹ ਸਾਡੇ ਨੇਤ੍ਰਾਂ ਵਿੱਚੋਂ ਜਾਰੀ ਹੋ ਗਿਆ। ਮਿਸਟਰ ਕਲੇਅਰ ਆਪਣੇ ਹੰਝੂਆਂ ਨੂੰ ਰੋਕਣ ਦਾ ਕੋਈ ਜਤਨ ਨਾ ਕਰਦੇ ਹੋਏ ਆਪਣੀ ਪਤਨੀ ਨੂੰ, ਆਪਣੇ ਛੋਟੇ ਵੀਰ ਨੂੰ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਸੰਭਾਲਣ ਵਿਚ ਲੋੜੀਂਦੀ ਸਹਾਇਤਾ ਦੇਣ ਦਾ ਨਿਸਫਲ ਜਤਨ ਕਰ ਰਹੇ ਸਨ। ਦਫ਼ਤਰ ਵਿਚ ਕੁਹਰਾਮ ਮਚਿਆ ਹੋਇਆ ਸੀ । ਜਿਤਿੰਦਰ ਕਪੂਰ ਕਪੂਰ ਨੂੰ, ਅਧਿਆਤਮਕ ਸ਼੍ਰਧਾਂਜਲੀਆਂ ਪਿੱਛ, ਅੱਜ ਉਸ ਦੇ 'ਸਕਿਆ' ਅਤੇ 'ਸਨੇਹੀਆਂ' ਵੱਲੋਂ ਸੱਚੇ-ਸੁੱਚੇ ਹੰਝੂਆਂ ਦੀ ਮਨੁੱਖੀ ਅਤੇ ਸੰਸਾਰਕ ਧਾਂਜਲੀ ਭੇਟਾ ਕੀਤੀ ਜਾ ਰਹੀ ਸੀ।