ਉਹ ਅਪਟਨ ਪਾਰਕ ਸਟੇਸ਼ਨ ਸਾਹਮਣੇ ਪੁੱਜਾ ਹੀ ਸੀ ਕਿ ਅੱਠ-ਦਸ ਗੋਰੇ ਮੁੰਡਿਆ ਦੀ ਢਾਣੀ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਬਹੁਤੇ ਮੁੰਡੇ ਉਸ ਦੇ ਪੁਰਾਣੇ ਵਿਦਿਆਰਥੀ ਸਨ। ਇਹ ਵੈਸਟ ਹੈਮ ਸਟੇਡਿਅਮ ਵਿੱਚੋਂ ਆਏ ਸਨ, ਜਿਥੇ ਇਨ੍ਹਾਂ ਦੀ ਟੀਮ, ਵੈਸਟ ਹੋਮ ਯੂਨਾਇਟਿਡ, ਆਪਣੀ ਗਰਾਊਂਡ ਵਿਚ, ਲਿਵਰਪੂਲ ਕੋਲੋਂ ਹਾਰ ਗਈ ਸੀ। ਹਾਰੀ ਹੋਈ ਟੀਮ ਦੇ ਹਮਾਇਤੀ ਆਪਣੀ ਨਮੋਸ਼ੀ ਅਤੇ ਨਿਰਾਸ਼ਾ ਦਾ ਨਿਸ਼ਾਨਾ ਲੱਭ ਰਹੇ ਸਨ। ਪਰਵਾਸੀਆਂ ਦਾ ਪ੍ਰਸਿੱਧ ਨੇਤਾ ਅਯੋਗ ਟਾਰਗਿਟ ਨਹੀਂ ਸੀ। "ਡਾਊਨ ਵਿੱਚ ਗਿੱਲ" ਦਾ ਰੋਲਾ ਪਾਉਂਦੇ ਹੋਏ ਉਹ ਉਸ ਵੱਲ ਵਧੋ। ਇਕ ਤਕੜੇ ਮੁੰਡੇ ਨੇ ਜ਼ੋਰਦਾਰ ਗਲ੍ਹਥਾ ਮਾਰਿਆ। ਉਸ ਦੇ ਪੈਰ ਨਿਕਲ ਗਏ। ਉਹ ਸੰਭਲਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ ਕਿ ਦੋ ਬਲਵਾਨ ਬਾਹਵਾਂ ਦੇ ਕਲਾਵੇ ਨੇ ਉਸ ਨੂੰ ਮੂਧੇ-ਮੂੰਹ ਡਿਗਣੇ ਬਚਾਅ ਲਿਆ। ਉਸ ਦੇ ਰੱਖਿਅਕ ਨੇ ਉਸ ਨੂੰ ਆਪਣੀ ਖੱਬੀ ਵੱਖੀ ਨਾਲ ਘੁੱਟ ਲਿਆ ਅਤੇ ਆਪਣੇ ਸੱਜੇ ਹੱਥ ਨੂੰ ਭੀੜ ਦੇ ਸਾਹਮਣੇ ਉੱਚਾ ਕਰਦਿਆਂ ਹੋਇਆਂ ਆਖਿਆ, "ਕੇਅਰਫੁੱਲ; ਬਲੈਕ ਬੈਲਟ ਬਾਜਵਾ ਹੀਅਰ।" ਆਪਣੇ ਸਕੂਲ ਦੇ ਪੁਰਾਣੇ ਕ੍ਰਾਟੀ ਚੈਂਪੀਅਨ ਨੂੰ ਪਛਾਣ ਕੇ ਅਤੇ ਦੋ ਪੁਲਸੀਆਂ ਨੂੰ ਹੋਲੀ ਹੋਲੀ ਤੁਰੇ ਆਉਂਦੇ ਵੇਖ ਕੇ ਗੋਰੇ ਮੁੰਡੇ ਸਟੇਸ਼ਨ ਵਿਚ ਜਾ ਵੜੇ।
ਇਸ ਘਟਨਾ ਦਾ ਚੇਤਾ ਆਉਣ ਉੱਤੇ ਉਸ ਨੂੰ ਆਪਣੇ ਕੁਝ ਅਭਾਵਾਂ, ਆਪਣੀਆਂ ਘਰੇਲੂ ਜ਼ਿੰਮੇਦਾਰੀਆਂ, ਆਪਣੇ ਕੁਝ ਇਕ ਅਣਕੀਤੇ ਕੰਮਾਂ ਦਾ ਖਿਆਲ ਆ ਗਿਆ। ਉਸ ਦੀ ਬੱਚੀ, ਨਵੀਨਾ, ਵਿਆਹੁਣ ਯੋਗ ਹੈ। ਅਜੇ ਕੱਲ੍ਹ ਹੀ ਉਸ ਦੀ ਪਤਨੀ ਨੇ ਆਖਿਆ ਸੀ, "ਸਦਾ ਬਾਹਰਲੇ ਕੰਮਾਂ ਵੱਲ ਹੀ ਵੇਖਦੇ ਹੋ; ਘਰ ਬਾਰੇ ਵੀ ਸੋਚੋ।" ਘਰ ਵਿਚ ਨਵੀਨਾ ਦੇ ਰਿਸ਼ਤੇ ਤੋਂ ਸਿਵਾ ਹੋਰ ਸੋਚਣ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਉਹ ਇਸੇ ਬਾਰੇ ਸੋਚਣ ਲੱਗ ਪਿਆ। ਆਪਣੀ ਸੁੰਦਰ ਸੁਸ਼ੀਲ ਬੱਚੀ ਲਈ ਕੋਈ ਯੋਗ ਵਰ ਅਤੇ ਕੋਈ ਸੁਯੋਗ ਘਰ ਉਸ ਦੀ ਚੇਤਨਾ ਵਿਚ ਨਾ ਉੱਭਰਿਆ।
ਨਵੀਨਾ ਜਾਗ ਚੁੱਕੀ ਸੀ। ਮਾਂ-ਧੀ ਦੋਵੇਂ ਕਿਚਨ ਵਿਚ ਆ ਗਈਆਂ ਸਨ। ਦਰਵਾਜ਼ੇ ਦੀ ਘੰਟੀ ਵੱਜੀ। ਨਵੀਨਾ ਨੇ ਦਰਵਾਜ਼ਾ ਖੋਲ੍ਹਿਆ। ਭੋਗਲ ਨੇ ਪਰਵੇਸ਼ ਕੀਤਾ। ਹੈਲੋ ਅੰਕਲ ਕਹਿ ਕੇ ਨਵੀਨਾ ਉਸ ਦੇ ਮੋਢੇ ਨਾਲ ਲਮਕ ਗਈ।
"ਕਿਉਂ ਮੇਰੇ ਸੂਟ ਦਾ ਸੱਤਿਆਨਾਸ ਕਰ ਰਹੀ ਹੈ ? ਮੈਂ ਮੀਟਿੰਗ ਉੱਤੇ ਜਾ ਰਿਹਾ ਹਾਂ। ਵੱਡੇ ਵੱਡੇ ਆਦਮੀਆਂ ਨੇ ਆਉਣਾ ਹੈ। ਸਾਰਾ ਰੋਅਬ ਮਾਰਿਆ ਗਿਆ।"
“ਅੰਕਲ, ਜੇ ਮੀਟਿੰਗ ਵਿਚ ਆਪਣੀ ਸ਼ਾਨ ਬਣਾਉਣੀ ਚਾਹੁੰਦੇ ਹੋ ਤਾਂ ਮੈਨੂੰ ਨਾਲ ਲੈ ਚੱਲੋ।"
"ਯੈਸ ਵੀਨੂੰ, ਨਜ਼ਰ ਬੱਟੂ ਨਾਲ ਹੋਵੇਗਾ ਤਾਂ ਮੈਨੂੰ ਨਜ਼ਰ ਨਹੀਂ ਲੱਗੇਗੀ," ਕਹਿ ਕੇ ਉਹ ਗਾਰਡਨ ਵੱਲ ਜਾਣ ਲੱਗਾ ਤਾਂ "ਯੂ, ਚੀਕੀ ਅਕਲ," ਕਹਿੰਦੀ ਹੋਈ ਨਵੀਨਾ ਮੁੱਕੇ ਵੱਟ ਕੇ ਉਸ ਦੇ ਪਿੱਛੇ ਦੌੜੀ। ਉਸ ਵੱਲ ਵੇਖ ਕੇ ਭੇਤ ਭਰੇ ਢੰਗ ਨਾਲ ਆਪਣੀ ਖੱਬੀ ਅੱਖ ਨੂੰ ਦੱਬ ਕੇ ਭੋਗਲ ਨੇ ਆਖਿਆ, "ਤਿਆਰ ਹੋ ਜਾ ਵੀਨੂੰ ਸੁਕੀਰਤ ਵੀ ਆ ਰਿਹਾ ਹੈ।" ਆਪਣੇ ਖੱਬੇ ਹੱਥ ਦੀ ਉਂਗਲੀ ਆਪਣੇ ਬੁੱਲ੍ਹਾਂ ਉੱਤੇ ਰੱਖ ਨਵੀਨਾ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ।