"ਜਾਣਾ ਹੈ, ਯਾਰ; ਪਰ ਅੱਜ।"
"ਹਾਂ, ਹਾਂ, ਅੱਜ ਐਤਵਾਰ ਹੈ ਅਤੇ ਬਾਰਕਿੰਗ ਗੁਰਦੁਆਰੇ ਦੀ ਲਾਇਬ੍ਰੇਰੀ ਵਿਚ ਮੀਟਿੰਗ ਹੈ... ਬਸ।"
"ਮੈਨੂੰ ਪਤਾ ਹੈ; ਪਰ ਅੱਜ ਮੈਂ ਨਵੀਨਾ ਬਾਰੇ ਸੋਚ ਰਿਹਾ ਹਾਂ।"
"ਉਸ ਵਿਚਾਰੀ ਨੇ ਕਿਹੜੀ ਚਿੰਤਾ ਖੜੀ ਕਰ ਦਿੱਤੀ ਤੇਰੇ ਲਈ ?"
"ਉਸ ਨੇ ਨਹੀਂ; ਤੇਰੀ ਭਰਜਾਈ ਨੇ। ਉਸ ਦਾ ਖਿਆਲ ਹੈ ਕਿ ਸਾਨੂੰ ਨਵੀਨਾ ਦੇ ਵਿਆਹ ਦੀ ਚਿੰਤਾ ਕਰਨੀ ਚਾਹੀਦੀ ਹੈ।"
“ਚਿੰਤਾ ਕਰਨੀ ਚਾਹੀਦੀ ਹੈ ਕਿ ਵਿਆਹ ਕਰ ਦੇਣਾ ਚਾਹੀਦਾ ਹੈ ?"
"ਕੋਈ ਯੋਗ ਵਰ ਵੀ ਤਾਂ ਲੱਭੋ, ਭੋਗਲ ।"
"ਅੱਖਾਂ ਮੀਟ ਕੇ ਲੱਖਾਂਗਾ ਤਾਂ ਲੱਭ ਪਿਆ ਵਰ।"
"ਤੇਰੀ ਨਜ਼ਰ ਵਿਚ ਹੈ ਕੋਈ ਲੜਕਾ ?"
"ਮੇਰੀ ਨਜ਼ਰ ਵਿਚ ਕਿਉਂ, ਤੇਰੀਆਂ ਅੱਖਾਂ ਸਾਹਮਣੇ ਹੈ। ਤੇਰਾ ਪੁਰਾਣਾ ਵਿਦਿਆਰਥੀ ਹੈ; ਤੇਰੀ ਇੱਜ਼ਤ ਕਰਦਾ ਹੈ; ਤੇਰਾ ਸ਼ਰਧਾਲੂ ਹੈ। ਇਲੈਕਟ੍ਰਾਨਿਕਸ ਦੀ ਇੰਜਿਨੀਅਰਿੰਗ ਕੀਤੀ ਹੋਈ ਹੈ; ਚਵ੍ਹੀ ਹਜ਼ਾਰ ਪਾਊਂਡ ਸਾਲਾਨਾ ਤਨਖ਼ਾਹ ਲੈਂਦਾ ਹੈ; ਤੇਰੀਆਂ ਇਲੈਕਸ਼ਨਾਂ ਦਾ ਸਾਰਾ ਪ੍ਰਬੰਧ ਕਰਦਾ ਆ ਰਿਹਾ ਹੈ, ਅਤੇ...।"
“ਨਾਂ ਵੀ ਲਵੇਗਾ ਕਿ ਰੋਲਾ ਪਾਈ ਜਾਵੇਂਗਾ ?"
"ਸੁਕੀਰਤ।"
"ਸੁਕੀਰਤ ਕੌਣ ?"
"ਕ੍ਰਾਟੀ ਚੈਂਪੀਅਨ ਸੁਕੀਰਤ ਬਾਜਵਾ।" ਇਹ ਨਾਂ ਲੈਂਦਿਆਂ ਭੋਗਲ ਦੇ ਚਿਹਰੇ ਉੱਤੇ ਵਿਸਮਾਦ ਦੇ ਚਿੰਨ੍ਹ ਉੱਭਰ ਆਏ। ਭਵਿੱਖ ਵਿਚ ਇਕ ਪ੍ਰਸੰਨ ਪਰਵਾਰ ਦੀ ਉਤਪਤੀ ਦੀ ਕਲਪਨਾ ਕਰ ਰਿਹਾ ਸੀ ਭੋਗਲ ਕਿ ਗਿੱਲ ਦੀ ਘਿਰਣਾ ਦੇ ਇੱਕੋ ਝਟਕੇ ਨੇ ਉਸ ਨੂੰ ਯਥਾਰਥ ਵਿਚ ਲੈ ਆਂਦਾ। ਗਿੱਲ ਕਹਿ ਰਿਹਾ ਸੀ, "ਪਾਗਲ ਹੋ ਗਿਆ ਹੈ; ਦਿਸਣੇ ਬੰਦ ਹੋ ਗਿਆ ਤੈਨੂੰ। ਨਵੀਨਾ ਲਈ ਤੈਨੂੰ ਸੁਕੀਰਤ ਬਾਜਵਾ ਹੀ ਲੱਭਾ ?"
ਹੈਰਾਨ ਹੋਏ ਭੋਗਲ ਨੇ ਪੁੱਛਿਆ, "ਉਸ ਵਿਚ ਕੀ ਬੁਰਾਈ ਹੈ, ਬਈ ?"
"ਤੈਨੂੰ ਉਸ ਦੀ ਤਨਖ਼ਾਹ ਦਿੱਸਦੀ ਹੈ; ਉਸ ਦੀ ਇੰਜਿਨੀਅਰਿੰਗ ਦਿੱਸਦੀ ਹੈ, ਉਸ ਦੀ ਕਾਟੀ ਦਿੱਸਦੀ ਹੈ; ਉਸ ਦਾ ਕਾਲਾ ਰੰਗ ਕਿਉਂ ਨਹੀਂ ਦਿੱਸਦਾ ?''
"ਬਸ ਏਨੀ ਗੱਲ ?"
"ਤੇਰੇ ਲਈ ਇਹ ਗੱਲ ਮਾਮੂਲੀ ਹੋਵੇਗੀ: ਮੇਰੇ ਲਈ ਨਹੀਂ।"
"ਪਰ ਗਿੱਲ, ਤੂੰ ਸਾਰੀ ਉਮਰ ਰੰਗ-ਭੇਦ ਵਿਰੁੱਧ.।"
"ਭੋਗਲ, ਇਹ ਮੇਰਾ ਘਰੇਲੂ ਮੁਆਮਲਾ ਹੈ। ਇਸ ਸਿਲਸਿਲੇ ਵਿਚ ਸਾਡੀ ਰਾਏ ਸਾਂਝੀ ਨਹੀਂ ਹੋ ਸਕਦੀ। ਤੈਨੂੰ ਤਾਂ ਉਸ ਦਾ ਰੰਗ ਕਾਲਾ ਨਹੀਂ, ਪੱਕਾ ਦਿਸੇਗਾ ਕਿਉਂਕਿ ਤੂੰ ਅਫ਼ਰੀਕਾ ਦੇ ਹਬਸ਼ੀਆਂ ਵਿਚ ਰਹਿੰਦਾ ਆਇਆ ਹੈ," ਕਹਿ ਕੇ ਗਿੱਲ ਘਰ ਵੱਲ ਤੁਰ ਪਿਆ। ਭੋਗਲ ਨੂੰ ਜਾਪਿਆ ਜਿਵੇਂ ਗਿੱਲ ਨਹੀਂ, ਗਿੱਲ ਦੇ ਰੂਪ ਵਿਚ ਦੁਨੀਆਂ ਦਾ ਅੱਠਵਾਂ ਅਜੂਬਾ ਤੁਰਿਆ ਜਾ ਰਿਹਾ ਸੀ।