ਬਾਬਾ ਚੁਬਾਰਾ ਸਿੰਘ
ਤੁੰਗਾਂ ਵਾਲੇ ਬਾਬਾ ਚੁਬਾਰਾ ਸਿੰਘ ਦੇ ਅਸਲੀ ਨਾਂ ਦਾ ਮੈਨੂੰ ਪਤਾ ਨਹੀਂ। ਏਨਾ ਪਤਾ ਹੈ ਕਿ ਵਡੇਰੀ ਉਮਰ ਕਾਰਣ ਉਸ ਨੂੰ ਬਾਬਾ ਆਖਿਆ ਜਾਂਦਾ ਸੀ, ਅਤੇ ਉੱਚਾ ਸੁਣਦਾ ਹੋਣ ਕਰਕੇ ਚੁਬਾਰਾ ਸਿੰਘ। ਉਸ ਦਾ ਮਨ ਯਾਦਾਂ ਦੀ ਦੌਲਤ ਨਾਲ ਮਾਲਾਮਾਲ ਸੀ। ਉਸ ਦੇ ਜੀਵਨ ਦੇ ਆਖ਼ਰੀ ਦੋ-ਤਿੰਨ ਦਹਾਕੇ ਸੁਪਨਿਆਂ, ਸੰਘਰਸ਼ਾਂ ਅਤੇ ਦੋਸਤੀਆਂ ਦੀ ਲੰਮੀ ਦਾਸਤਾਨ ਸਨ।
ਜੀਵਨ ਦੀ ਢਲਦੀ ਦੁਪਹਿਰੋ, ਅਲੂਣਿਆਂ ਵਾਲੇ ਤੇਜਾ ਸਿੰਘ ਸੁਤੰਤਰ ਜੀ ਦੀ ਸੁਹਬਤ ਨਾਲ ਉਨ੍ਹਾਂ ਦੇ ਬਿਬੇਕੀ ਜਥੇ ਵਿਚ ਸ਼ਾਮਲ ਹੋ ਕੇ ਉਹ ਗੁਰਦੁਆਰਾ ਸੁਧਾਰ ਲਹਿਰ ਅਤੇ ਸੁਤੰਤਰਤਾ ਸੰਗਰਾਮ ਦਾ ਹਿੱਸਾ ਬਣਿਆ ਸੀ । ਸੰਗਰਾਮੀਆਂ ਦਾ ਜੀਵਨ ਮੋਰਚਿਆਂ, ਮਾਰਾਂ, ਮੌਤਾਂ, ਜੇਲ੍ਹਾ, ਗੋਲੀਆਂ, ਰੂ-ਪੇਸ਼ੀਆਂ ਅਤੇ ਗ੍ਰਿਫ਼ਤਾਰੀਆਂ ਨਾਲ ਓਤ ਪੇਡ ਸੀ, ਪਰ ਆਜ਼ਾਦੀ ਦੀ ਕਾਲਪਨਿਕ ਸੁੰਦਰਤਾ ਅਤੇ ਸੰਗਰਾਮੀਆਂ ਵਿਚਲੀ ਵਾਸਤਵਿਕ ਮਿੱਤਰਤਾ ਨੇ ਉਸ ਜੀਵਨ ਨੂੰ ਮਾਣਨ ਅਤੇ ਸਿਮਰਣਯੋਗ ਬਣਾ ਦਿੱਤਾ ਸੀ। ਦੁਧਾਰਾ ਸਿੰਘ ਨੇ ਉਸ ਜੀਵਨ ਨੂੰ ਰੱਜ ਕੇ ਮਾਣਿਆ ਸੀ।
ਸੁਤੰਤਰ ਜੀ ਦੀ ਫ਼ਰਾਰੀ, ਗ੍ਰਿਫਤਾਰੀ ਅਤੇ ਨਜ਼ਰਬੰਦੀ ਨਾਲ ਬਾਬਾ ਚੁਬਾਰਾ ਸਿੰਘ ਅਤੇ ਉਸ ਦੇ ਸਿੱਧੇ ਸਾਦੇ ਪੇਂਡੂ ਸਾਥੀਆਂ ਦੇ ਸਾਹਸੀ ਅਤੇ ਸੰਗਰਾਮੀ ਜੀਵਨ ਦਾ ਅੰਤ ਹੋ ਗਿਆ।
ਸਾਹਸੀ ਜੀਵਨ ਦੀਆਂ ਉੱਤੇਜਨਾਵਾਂ ਉਨ੍ਹਾਂ ਨੂੰ ਖਿੱਚ ਪਾਉਂਦੀਆਂ ਸਨ, ਪਰ ਮੁੜ ਮੈਦਾਨੀ ਆਉਣਾ ਸੰਭਵ ਨਹੀਂ ਸੀ। ਉਨ੍ਹਾਂ ਕੋਲੋਂ ਉਨ੍ਹਾਂ ਦਾ ਆਗੂ ਖੋਹ ਲਿਆ ਗਿਆ ਸੀ ਅਤੇ ਅਗਵਾਈ ਬਿਨਾਂ ਉਹ ਇਸ ਰਸਤੇ ਉੱਤੇ ਤੁਰ ਨਹੀਂ ਸਨ ਸਕਦੇ। ਜਿਨ੍ਹਾਂ ਦੀ ਉਮਰ ਆਗਿਆ ਦਿੰਦੀ ਸੀ, ਉਹ ਮੁੜ ਆਪੋ ਆਪਣੇ ਘਰੇਲੂ ਕੰਮਾਂ ਵਿਚ ਰੁੱਝ ਗਏ। ਬਾਬਾ ਦੁਬਾਰਾ ਸਿੰਘ ਨੇ ਬੁਢੇਪੇ ਵਿਚ ਪੈਰ ਪਾ ਲਿਆ ਸੀ, ਇਸ ਕਰਕੇ ਉਹ ਇਕ ਪਾਸੇ ਹੋ ਕੇ ਜਗਤ ਦਾ ਤਮਾਸ਼ਾ ਵੇਖਣ ਲੱਗ ਪਿਆ। ਕਠਿਨਾਈਆਂ ਦੀ ਕਸਵੱਟੀ ਉੱਤੇ ਪਰਖੇ ਹੋਏ ਮਿੱਤਰਾਂ ਦੀ ਮਿੱਤਰਤਾ ਉਸ ਦੇ ਜੀਵਨ ਦਾ ਵਡਮੁੱਲਾ ਸਰਮਾਇਆ ਬਣ ਗਈ, ਬੀਤੇ ਦਿਨਾਂ ਦੀਆਂ ਯਾਦਾਂ ਉਸ ਦੇ ਮਨ-ਮੰਦਰ ਦੀ ਸਜਾਵਟ ਬਣ ਗਈਆਂ; ਅਤੇ ਮਿੱਤਰਾਂ ਨੂੰ ਮਿਲ ਕੇ ਉਨ੍ਹਾਂ ਯਾਦਾਂ ਵਿਚ ਗੁਆਚ ਜਾਣਾ ਉਸ ਨੂੰ ਜੀਵਨ ਦੀ ਸਾਰਥਕਤਾ ਜਾਪਣ ਲੱਗ ਪਿਆ।
ਮਿੱਤਰ-ਮਿਲਣੀ ਦਾ ਕੋਈ ਮੌਕਾ ਉਹ ਹੱਥੋਂ ਜਾਣ ਨਹੀਂ ਸੀ ਦਿੰਦਾ। ਛਿੰਝਾਂ, ਵਿਸਾਖੀਆਂ, ਮੱਸਿਆ, ਘੋਲਾ, ਕਬੱਡੀਆਂ ਅਤੇ ਮੇਲਿਆਂ ਉੱਤੇ ਉਹ ਉਚੇਚੇ ਉੱਦਮ ਅਤੇ ਚਾਅ ਨਾਲ ਜਾਂਦਾ ਸੀ। ਹਰ ਮੇਲੇ ਵਿਚ ਦੇਂਹ ਚਹੁੰ ਮਿੱਤਰਾਂ ਦਾ ਮਿਲਾਪ ਹੋ ਜਾਣ ਉੱਤੇ ਸਾਰਾ ਮੇਲਾ ਮਿੱਤਰਤਾ ਦੀ ਮਹਿਕ ਨਾਲ ਭਰ ਜਾਂਦਾ ਸੀ।