Back ArrowLogo
Info
Profile
ਚੰਦਾ ਸਿੰਘ ਦੇ ਪਿੰਡ ਉਸ ਦਾ ਉਚੇਚਾ ਆਉਣ ਜਾਣ ਸੀ। ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਸੁਤੰਤਰ ਜੀ ਦੇ ਜਥੇ ਵਿਚ ਏਥੋਂ ਦੇ ਆਦਮੀਆਂ ਦੀ ਗਿਣਤੀ ਵੱਧ ਸੀ ਅਤੇ ਦੂਜਾ ਇਹ ਕਿ ਪੋਹ ਸੁਦੀ ਸੱਤਵੀਂ ਦੇ ਮੇਲੇ ਉੱਤੇ ਲਗਪਗ ਸਾਰਾ ਜਥਾ ਏਥੇ ਇਕੱਠਾ ਹੋ ਜਾਂਦਾ ਸੀ । ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਉਣ ਦਾ ਉਪਰਾਲਾ ਇਨ੍ਹਾਂ ਸੰਗਰਾਮੀਆਂ ਦਾ ਹੀ ਕੀਤਾ ਹੋਇਆ ਸੀ। ਇਹ ਦੀਵਾਨ ਜੋ 1909 ਤੋਂ ਹੁੰਦਾ ਆ ਰਿਹਾ ਹੈ, ਤਿੰਨ ਦਿਨ ਲੱਗਾ ਰਹਿੰਦਾ ਸੀ। ਇਸ ਦੀ ਤਿਆਰੀ ਦੇ ਤਿੰਨ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੋਣ ਕਰਕੇ ਇਹ ਮੇਲਾ ਬਹੁਤ ਲੰਮੀ ਮਿੱਤਰ-ਮਿਲਣੀ ਦਾ ਅਵਸਰ ਪੈਦਾ ਕਰਦਾ ਸੀ। ਸਾਰੇ ਮਿੱਤਰ ਇਸ ਦਾ ਪੂਰਾ ਪੂਰਾ ਲਾਭ ਲੈਂਦੇ ਸਨ। ਪਿੰਡ ਦੇ ਗੱਭਰੂਆਂ ਨਾਲ ਰਲ ਕੇ ਜਲੂਸ, ਪੰਡਾਲ, ਸਜਾਵਟ, ਲੰਗਰ ਅਤੇ ਜੋੜਿਆਂ ਆਦਿਕ ਦਾ ਪ੍ਰਬੰਧ ਕਰਦਿਆਂ ਉਨ੍ਹਾਂ ਨੂੰ ਗੁਰੂ ਕੇ ਬਾਗ਼ ਅਤੇ ਜੈਤੋ ਆਦਿਕ ਦੇ ਮੋਰਚਿਆਂ ਦਾ ਚੇਤਾ ਆ ਜਾਂਦਾ ਸੀ। ਉਹ ਆਪਣੇ ਬੀਤੇ ਦਿਨਾਂ ਨੂੰ ਦੁਬਾਰਾ ਜੀ ਕੇ ਵੇਖ ਲੈਂਦੇ ਸਨ।

ਇਕ ਵੇਰ ਦੀ ਗੱਲ ਹੈ, ਪੰਡਾਲ ਲਈ ਚਾਨਣੀਆਂ ਲਾਈਆਂ ਜਾ ਰਹੀਆਂ ਸਨ। ਚਾਨਣੀਆਂ ਹੇਠਲੀਆਂ ਚੋਥਾਂ ਨੂੰ ਸਿੱਧੀਆਂ ਕੀਤਾ ਹੀ ਸੀ ਕਿ ਹਵਾ ਦੇ ਇਕ ਤੇਜ਼ ਬੁੱਲ੍ਹੇ ਨੇ ਚਾਨਣੀਆਂ ਨੂੰ ਉਪਰ ਚੁੱਕ ਦਿੱਤਾ। ਇਕ ਚੋਬ ਚਾਨਣੀ ਵਿਚੋਂ ਨਿਕਲ ਗਈ ਅਤੇ ਬਾਬਾ ਚੁਬਾਰਾ ਸਿੰਘ ਵੱਲ ਉਲਰ ਗਈ। "ਵੇਖਿਓ, ਵੇਖਿਓ, ਬਾਬਾ ਜੀ ਬਚਿਓ," ਦੀਆਂ ਆਵਾਜ਼ਾਂ ਉਚੀਆਂ ਹੋਈਆਂ, ਪਰ ਏਨੀਆਂ ਨਾ ਕਿ ਬਾਬਾ ਸੁਣ ਸਕਦਾ। ਚੋਬ ਬਾਬੇ ਦੇ ਸਿਰ ਵਿਚ ਵੱਜੀ। ਸਿਰ ਉੱਤੇ ਬੱਝੀ ਪੱਗ ਨੇ ਬਚਾ ਲਿਆ, ਨਹੀਂ ਤਾਂ ਚੰਗੀ ਸੱਟ ਲੱਗ ਜਾਣੀ ਸੀ। ਬਾਬੇ ਨੂੰ ਚੱਕਰ ਜਿਹਾ ਆ ਗਿਆ। ਮੱਘਰ ਸਿੰਘ ਪ੍ਰਧਾਨ ਨੇ ਡਿਗਦੇ ਡਿਗਦੇ ਨੂੰ ਕਲਾਵੇ ਵਿਚ ਲੈ ਲਿਆ। ਜ਼ਰਾ ਕੁ ਸੰਭਲਣ ਪਿੱਛੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਬਾਬੇ ਨੇ ਨਿੰਮ੍ਹਾ ਜਿਹਾ ਮੁਸਕਰਾ ਕੇ ਆਖਿਆ, "ਮੈਂ ਵੀ ਸੋਚਾਂ, ਭਈ ਗੁਰੂ ਕੇ ਬਾਗ਼ ਵਾਲਾ ਲਾਠੀਚਾਰਜ ਕਿਵੇਂ ਸ਼ੁਰੂ ਹੋ ਗਿਆ।"

ਸੁਣ ਕੇ ਸਾਰੇ ਹੱਸ ਪਏ।

ਹੱਸ ਪਏ; ਪਰ ਇਸ ਨਿੱਕੀ ਜਹੀ ਘਟਨਾ ਨੇ ਬੀਤੇ ਦਿਨਾਂ ਦੀ ਇਕ ਗੰਭੀਰ ਘਟਨਾ ਦਾ ਚੇਤਾ ਕਰਵਾ ਦਿੱਤਾ। ਗੁਰੂ ਕੇ ਬਾਗ ਦੇ ਮੋਰਚੇ ਦੇ ਦਿਨੀਂ ਜਦੋਂ ਇਕ ਵੇਰ ਪੁਲੀਸ ਨੇ ਲਾਠੀਚਾਰਜ ਕੀਤਾ ਤਾਂ ਚੁਬਾਰਾ ਸਿੰਘ ਨੇ ਵੇਖਿਆ ਕਿ ਇਕ ਪੁਲਸੀਏ ਦੀ ਡਾਂਗ ਸਿੱਧੀ ਚੰਦਾ ਸਿੰਘ ਦੇ ਸਿਰ ਉੱਤੇ ਪੈਣ ਵਾਲੀ ਸੀ। ਅੱਖ ਦੇ ਫੋਰ ਵਿਚ ਉਸ ਨੇ ਆਪਣਾ ਖੱਬਾ ਹੱਥ ਚੰਦਾ ਸਿੰਘ ਦੇ ਮੋਢੇ ਉੱਤੇ ਰੱਖ ਕੇ, ਉਸ ਨੂੰ ਹੇਠਾਂ ਨੂੰ ਦੱਬਦਿਆਂ ਹੋਇਆ, ਆਪਣੀ ਸੱਜੀ ਬਾਂਹ ਉਸ ਦੇ ਸਿਰੋਂ ਉੱਚੀ ਕਰ ਕੇ ਪੁਲਸੀਏ ਦੀ ਡਾਂਗ ਅੱਗੇ ਡਾਹ ਦਿੱਤੀ। ਸੁੰਮਾਂ ਵਾਲੀ ਭਾਰੀ ਡਾਂਗ ਬਾਬੇ ਦੀ ਅਰਕ (ਕੂਹਣੀ) ਉੱਤੇ ਵੱਜੀ। ਬਾਂਹ ਦੀ ਹੱਡੀ ਚਿੱਥੀ ਗਈ, ਪਰ ਚੰਦਾ ਸਿੰਘ ਦੀ ਜਾਨ ਬਚ ਗਈ। ਇਸ ਮੁੱਲੋਂ ਇਹ ਸੌਦਾ ਮਹਿੰਗਾ ਨਹੀਂ ਸੀ। ਬਾਬੇ ਦੀ ਨਕਾਰਾ ਹੋਈ ਹੋਈ ਸੱਜੀ ਬਾਂਹ, ਇਸ ਸੱਚੇ ਸੌਦੇ ਦੀ ਸਾਖੀ ਸੁਣਾ ਕੇ ਉਸ ਦੇ ਮਨ ਨੂੰ ਮਹਾਂ ਆਨੰਦ ਦਾ ਅਨੁਭਵ ਕਰਵਾਉਂਦੀ ਰਹਿੰਦੀ ਸੀ। ਚੋਬ ਵੱਜਣ ਵਾਲੀ ਘਟਨਾ ਉੱਤੇ ਲਾਠੀਚਾਰਜ ਵਾਲੀ ਗੰਭੀਰ ਘਟਨਾ ਦਾ ਚੇਤਾ ਆ ਜਾਣ ਕਰਕੇ, ਬਾਬੇ ਤੋਂ ਸਿਵਾ ਬਾਕੀ ਸਾਰਿਆਂ ਦੇ ਹਾਸੇ ਉਦਾਸੀ ਵਿਚ ਬਦਲ ਗਏ।

ਚੋਬ ਵੱਜਣ ਨਾਲ ਬਾਬੇ ਦੀ ਦਸਤਾਰ ਇਕ ਪਾਸੇ ਵੱਲ ਢਿਲਕ ਗਈ ਸੀ।

7 / 87
Previous
Next