"ਕੀ ਗੱਲ ਹੈ, ਬਾਬਾ, ਸਾਰੀਆਂ ਸੱਟਾਂ ਤੇਰੇ ਸਿਰ ਕਿਉਂ ਪੈਂਦੀਆਂ ਨੇ ?"
"ਸਿਰ ਦੀਆਂ ਸੱਟਾਂ ਕੁਝ ਨਹੀਂ ਕਹਿੰਦੀਆਂ, ਚੰਦਾ ਸਿਆਂ, ਬੱਸ ਦਿਲ 'ਤੇ ਵਾਰ ਨਾ ਹੋਵੇ," ਕਹਿ ਕੇ ਬਾਬੇ ਨੇ ਚੰਦਾ ਸਿੰਘ ਨੂੰ ਗਲ ਲਾ ਲਿਆ। ਬਾਬਾ ਖ਼ੁਸ਼ ਸੀ ਅਤੇ ਚੰਦਾ ਸਿੰਘ ਉਦਾਸ, ਪਰ ਉਸ ਦੀ ਉਦਾਸੀ ਵੀ ਓਨੀ ਹੀ ਆਨੰਦਦਾਇਕ ਸੀ, ਜਿੰਨੀ ਬਾਬੇ ਦੀ ਖੁਸ਼ੀ। ਉਦਾਸੀ ਅਤੇ ਖੁਸ਼ੀ ਦਾ ਇਹ ਸੰਗਮ ਉਵੇਂ ਹੀ ਆਨੰਦ ਦੀ ਉਤਪਤੀ ਕਰ ਰਿਹਾ ਸੀ, ਜਿਵੇਂ ਸੰਧਿਆ ਸਮੇਂ ਡੁੱਬਦੇ ਸੂਰਜ ਦੀ ਰੌਸ਼ਨੀ, ਆਉਣ ਵਾਲੀ ਰਾਤ ਦੇ ਸੁਖਦਾਇਕ ਹਨੇਰੇ ਦੇ ਗਲ ਲੱਗ ਕੇ, ਧਰਤੀ ਦੇ ਪੱਛਮੀ ਦਿਸਹੱਦਿਆਂ ਉੱਤੇ ਸੁਨਹਿਰੀ ਸੁੰਦਰਤਾ ਦੀ ਕਰਾਮਾਤ ਕਰ ਦਿੰਦੀ ਹੈ।
ਹਰ ਮਿੱਤਰ-ਮਿਲਣੀ ਬਾਬੇ ਦੀ ਸਮ੍ਰਿਤੀ-ਸੰਪਤੀ ਵਿਚ ਵਾਧਾ ਕਰ ਦਿੰਦੀ ਸੀ; ਇਸ ਲਈ ਬਾਬਾ ਚੁਬਾਰਾ ਸਿੰਘ ਮਿੱਤਰ-ਮਿਲਣੀ ਦਾ ਕੋਈ ਅਵਸਰ ਹੱਥ ਜਾਣ ਨਹੀਂ ਸੀ ਦਿੰਦਾ।
ਨਿਸ਼ਕਾਮ ਪਿਆਰਾਂ ਅਤੇ ਦੁਰਲੱਭ ਦੋਸਤੀਆਂ ਦੀ ਅਗਵਾਈ ਵਿਚ ਤੁਰਦਿਆਂ ਹੋਇਆ ਪੀੜਾਂ ਵਿਚੋਂ ਪ੍ਰਸੰਨਤਾ ਪ੍ਰਾਪਤ ਕਰਨ ਦੀ ਜਾਚ ਵਾਲੇ ਬਾਬੇ ਦੇ ਜੀਵਨ ਦੀ ਸੰਧਿਆ ਸਮੇਂ ਇਸ ਦੇ ਦਿਸਹੱਦੇ ਸੁਨਹਿਰੀਓਂ ਸੁਰਮਈ ਹੋ ਗਏ।
ਚੰਦਾ ਸਿੰਘ ਦੀ ਭੂਆ ਦੇ ਪੁੱਤਰ ਦਾ ਮੁੰਡਾ ਬਾਬੇ ਦੇ ਪਿੰਡ ਵਿਆਹਿਆ ਗਿਆ। ਦੁਬਾਰਾ ਸਿੰਘ ਨੂੰ ਇਸ ਰਿਸ਼ਤੇਦਾਰੀ ਦੀ ਉਚੇਚੀ ਖੁਸ਼ੀ ਹੋਈ। ਉਸ ਦਾ ਖ਼ਿਆਲ ਸੀ ਕਿ ਇਸ ਰਿਸ਼ਤੇਦਾਰੀ ਨੇ ਚੰਦਾ ਸਿੰਘ ਨੂੰ ਉਸ ਦੇ ਪਿੰਡ ਦੇ ਵਧੇਰੇ ਨੇੜੇ ਲੈ ਆਂਦਾ ਹੈ। ਇਹ ਉਸ ਨੂੰ ਪਤਾ ਨਹੀਂ ਸੀ ਕਿ ਸਮੇਂ ਦੀ ਬੁੱਕਲ ਵਿਚ ਕੋਹੋ ਜਹੀਆਂ ਘਟਨਾਵਾਂ ਲੁਕੀਆਂ ਬੈਠੀਆਂ ਸਨ। ਚੰਦਾ ਸਿੰਘ ਦੀ ਭੂਆ ਦੇ ਪੁੱਤ ਦੇ ਇਨ੍ਹਾਂ ਨਵੇਂ ਰਿਸ਼ਤੇਦਾਰਾਂ ਦੀ ਆਪਣੇ ਪਿੰਡ ਦੇ ਇਕ ਪਰਿਵਾਰ ਨਾਲ ਪਾਣੀ ਉੱਤੋਂ ਲੜਾਈ ਹੋ ਪਈ। ਗੱਲਾਂ ਤੋਂ ਗਾਲ੍ਹਾਂ ਅਤੇ ਗਾਲ੍ਹਾ ਤੋਂ ਡਾਂਗਾਂ ਤਕ ਪੁੱਜਦਿਆਂ ਚਿਰ ਨਾ ਲੱਗਾ। ਚੰਦਾ ਸਿੰਘ ਦੇ ਰਿਸ਼ਤੇਦਾਰਾਂ ਦੇ ਇਕ ਮੁੰਡੇ, ਜਰਨੈਲੇ, ਨੇ ਸੋਟਾ ਮਾਰ ਕੇ ਵਿਰੋਧੀ ਧੜੇ ਦੇ ਇਕ ਆਦਮੀ ਦੇ ਸਿਰ ਵਿਚ ਡੂੰਘਾ ਜ਼ਖ਼ਮ ਕਰ ਦਿੱਤਾ। ਇਸ ਵਾਰਦਾਤ ਦੀ ਥਾਣੇ ਵਿਚ ਰਪਟ ਦਰਜ ਕਰਵਾ ਦਿੱਤੀ ਗਈ। ਅਗਲੇ ਦਿਨ ਪੁਲਸ ਪਿੰਡ ਆਈ ਤਾਂ ਜਰਨੈਲਾ ਉਥੇ ਨਹੀਂ ਸੀ । ਘਰ ਵਾਲਿਆਂ ਦਾ ਕਹਿਣਾ ਸੀ ਕਿ 'ਉਹ ਪਰਸੋਂ ਦਾ ਵਾਂਢੇ ਗਿਆ ਹੋਇਆ ਹੈ। ਬਾਬਾ ਦੁਬਾਰਾ ਸਿੰਘ ਵੀ ਲੋਕਾਂ ਵਿਚ ਬੈਠਾ ਸੀ। ਥਾਣੇਦਾਰ ਨੇ ਸਭ ਤੋਂ ਪਹਿਲਾਂ ਉਸੇ ਨੂੰ ਪੁੱਛ ਲਿਆ-
"ਬਾਬਾ ਜੀ, ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸੋ ਕਿ ਜੈਲਾ ਕੱਲ੍ਹ ਪਿੰਡ ਸੀ ਜਾਂ ਨਹੀਂ ?"
ਚੁਬਾਰਾ ਸਿੰਘ ਸੋਚੀ ਪੈ ਗਿਆ। ਲੜਾਈ ਉਸ ਨੇ ਅੱਖੀਂ ਵੇਖੀ ਸੀ; ਹੋਰ ਕਈਆਂ ਨੇ ਵੀ ਵੇਖੀ ਸੀ। ਸਾਰਿਆਂ ਨੂੰ ਪਤਾ ਸੀ ਕਿ ਸੱਚ ਕੀ ਹੈ। ਲੋਕ ਇਹ ਵੀ ਸਮਝਦੇ ਸਨ ਕਿ ਵਿਰੋਧੀ ਧੜੇ ਵਾਲੇ ਬੇ-ਕਸੂਰ ਸਨ; ਜੈਲੇ ਕਿਆ ਵੱਲੋਂ ਵਾਧਾ ਹੋਇਆ ਸੀ। ਸੋਚ ਸਾਚ ਕੇ ਚੁਬਾਰਾ ਸਿੰਘ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ। ਪੁਲਸ ਨੇ ਜੈਲੇ ਵਿਰੁੱਧ ਕੇਸ ਤਿਆਰ ਕਰ ਲਿਆ ਅਤੇ ਦੋ ਤਿੰਨ ਹੋਰ ਬੰਦਿਆਂ ਦੇ ਨਾਲ ਚੁਬਾਰਾ ਸਿੰਘ ਦੀ ਗਵਾਹੀ ਪਾ ਲਈ।
ਮੁਕੱਦਮੇ ਵਿਚ ਜੈਲੇ ਕਿਆਂ ਵੱਲੋਂ ਗਵਾਹੀ ਦੇਣ ਲਈ ਕੋਈ ਤਿਆਰ ਨਾ ਹੋਇਆ।page_ breakਉਨ੍ਹਾਂ ਕੋਲ ਕੇਵਲ ਘਰ ਦੇ ਬੰਦਿਆਂ ਦੀ ਗਵਾਹੀ ਸੀ, ਜੋ ਨਾ ਹੋਣ ਦੇ ਬਰਾਬਰ ਸੀ। ਵਿਰੋਧੀ ਧੜੇ ਦੇ ਗਵਾਹਾਂ ਨੂੰ ਤੋੜਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਉਨ੍ਹਾਂ ਗਵਾਹਾਂ ਵਿਚ ਬਾਬੇ ਦੀ ਗਵਾਹੀ ਸਭ ਤੋਂ ਵੱਧ ਮੁਅਤਬਰ ਸੀ ਅਤੇ ਉਸ ਨੂੰ ਤੋੜਨ ਦਾ ਵਸੀਲਾ ਵੀ ਉਨ੍ਹਾਂ ਕੋਲ ਸੀ। ਉਹ ਆਪਣੇ ਕੁੜਮ ਨੂੰ ਨਾਲ ਲੈ ਕੇ ਚੰਦਾ ਸਿੰਘ ਕੋਲ ਆ ਗਏ ਅਤੇ ਚੰਦਾ ਸਿੰਘ ਬਾਬਾ ਚੁਬਾਰਾ ਸਿੰਘ ਨੂੰ ਆ ਮਿਲਿਆ।
"ਚੰਦਾ ਸਿਆਂ, ਹੋਰ ਜੋ ਮਰਜ਼ੀ ਮੰਗ ਲੈ, ਪਰ ਝੂਠ ਬੋਲਣ ਨੂੰ ਨਾ ਕਹਿ," ਚੁਬਾਰਾ ਸਿੰਘ ਨੇ ਹੱਥ ਜੋੜੇ।
"ਮੈਂ ਝੂਠ ਬੋਲਣ ਨੂੰ ਨਹੀਂ ਕਹਿੰਦਾ, ਮੈਂ ਕਹਿਨਾਂ ਕੁਝ ਨਾ ਬੋਲ, ਚੁੱਪ ਕਰ ਜਾ।"
"ਮੈਨੂੰ ਮੇਰਾ ਪਿੰਡ ਕੀ ਆਖੂ, ਚੰਦਾ ਸਿਆ ?"
"ਮੈਨੂੰ ਮੇਰੀ ਭੂਆ ਦਾ ਪੁੱਤ ਕੀ ਆਖੂ? ਇਹ ਵੀ ਸੋਚ।"
"ਨਹੀਂ, ਚੰਦਾ ਸਿਆਂ, ਮੈਂ ਹੁਣ ਕੁਝ ਨਹੀਓਂ ਸੋਚਣਾ। ਬੱਸ, ਇਹ ਸੋਚਣਾ ਪਈ ਮੈਨੂੰ ਮੇਰਾ ਆਪਣਾ ਆਪ ਕੀ ਆਖੂ। ਮੈਂ ਆਪਣੇ ਅੰਦਰਲੇ ਦੀ 'ਵਾਜ ਸੁਣੂੰ।"
"ਜਿਵੇਂ ਤੇਰੀ ਮਰਜ਼ੀ," ਕਹਿ ਕੇ ਚੰਦਾ ਸਿੰਘ ਚਲਾ ਗਿਆ।
ਜੈਲੇ ਨੂੰ ਛੇ ਮਹੀਨੇ ਕੈਦ ਹੋ ਗਈ।
ਗੁਰਦਾਸ ਨੰਗਲ ਬੰਦੇ ਦੇ ਥੇਹ ਦੇ ਮੇਲੇ ਉੱਤੇ ਘਰਾਲੇ ਵਾਲੇ ਬੱਸੇ ਅਤੇ ਸੋਹਲਾਂ ਵਾਲੇ ਸੂਰਤੀ ਦੀਆਂ ਟੀਮਾਂ ਦੀ ਕਬੱਡੀ ਹੋਣੀ ਸੀ। ਬੜੀਆਂ ਧੁੰਮਾਂ ਸਨ ਇਨ੍ਹਾਂ ਟੀਮਾਂ ਦੀਆਂ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਨ੍ਹਾਂ ਦਾ ਮੁਕਾਬਲਾ ਦੇਖਣ ਆਉਂਦੇ ਸਨ। ਚੰਦਾ ਸਿੰਘ ਵੀ ਗਿਆ ਅਤੇ ਨਿੱਤ ਵਾਂਗ ਉਸੇ ਟਿਕਾਣੇ ਜਾ ਖਲੋਤਾ, ਜਿਥੇ ਪੁਰਾਣੇ ਬੋਲੀਆਂ ਦਾ ਇਕੱਠ ਹੁੰਦਾ ਸੀ। ਹੋਰ ਕਿਸੇ ਦੇ ਆਉਣ ਤੋਂ ਪਹਿਲਾਂ ਚੁਬਾਰਾ ਸਿੰਘ ਪੁੱਜ ਗਿਆ। ਉਹ ਬੜੇ ਚਾਅ ਨਾਲ ਚੰਦਾ ਸਿੰਘ ਵੱਲ ਅਹੁਲਿਆ। ਚੰਦਾ ਸਿੰਘ ਨੇ ਉਸ ਵੱਲੋਂ ਮੂੰਹ ਫੇਰ ਲਿਆ ਅਤੇ ਕੁਝ ਕਹਿਣ ਸੁਣਨ ਤੋਂ ਪਹਿਲਾਂ ਉਥੋਂ ਚਲੇ ਗਿਆ। ਚੁਬਾਰਾ ਸਿੰਘ ਦਾ ਮਨ ਮਸੋਸਿਆ ਗਿਆ। ਕਈ ਪੁਰਾਣੇ ਸਾਥੀ ਉਸ ਨੂੰ ਉਸੇ ਮਿਲੇ, ਪਰ ਉਸ ਦੇ ਮਨ ਨੇ ਪਹਿਲਾਂ ਵਾਲਾ ਖੇੜਾ ਨਾ ਮਹਿਸੂਸਿਆ। ਏਥੋਂ ਤਕ ਕਿ ਜਦੋਂ ਕਬੱਡੀ ਗਿਆ ਘਰਾਲੇ ਵਾਲਾ ਬੰਸਾ ਛਾਲ ਮਾਰ ਕੇ ਸੂਰਤੀ ਦੇ ਉੱਤੋਂ ਦੀ ਟੱਪ ਗਿਆ, ਉਦੋਂ ਵੀ ਉਹ ਆਪਣੇ ਸਾਥੀਆਂ ਦੀ 'ਵਾਹ ਬਈ ਵਾਹ, ਬੱਲੇ ਓਏ ਬੇਰਾ, ਨਹੀਂ ਰੀਸਾਂ ਬੱਸਿਆ' ਆਦਿਕ ਵੱਲੋਂ ਬੋ-ਧਿਆਨ ਹੀ ਰਿਹਾ।
ਜਦੋਂ ਤਰਕਾਲਾਂ ਵੇਲੇ ਢੋਲਚੀ ਨੇ ਮਾਰੂ ਦਾ ਡੱਗਾ ਲਾਇਆ ਤਾਂ ਚੁਬਾਰਾ ਸਿੰਘ ਦੇ ਪੈਰ ਆਪ-ਮੁਹਾਰੇ ਹੀ ਚੰਦਾ ਸਿੰਘ ਦੇ ਪਿੰਡ ਵੱਲ ਹੋ ਤੁਰੇ। ਮੇਲਿਆਂ ਦੇ ਮੋਕਿਆਂ ਉੱਤੇ ਲਾਗਲੇ ਮਿੱਤਰਾਂ ਦੇ ਘਰ ਇਕ ਦੋ ਰਾਤਾਂ ਕੱਟ ਲੈਣੀਆਂ, ਬਾਬੇ ਲਈ ਕੋਈ ਓਪਰੀ ਗੱਲ ਨਹੀਂ ਸੀ। ਮੇਲੇ ਤਾਂ ਏਹੋ ਜਿਹੀਆਂ ਮਿਲਣੀਆਂ ਦੇ ਬਹਾਨੇ ਹੁੰਦੇ ਸਨ। ਬਾਬੇ ਨੇ ਕੁਝ ਕੁ ਪੈਰ ਹੀ ਪੁੱਟੇ ਸਨ ਕਿ ਇਕ ਸੂਖਮ ਜਿਹੀ ਹਉਮੈ ਨੇ ਨਿਰਦੋਸ਼ਤਾ ਦਾ ਮੋਹਣੀ ਰੂਪ ਧਾਰ ਕੇ ਮਿੱਤਰਤਾ ਦੀ ਸਾਤਵਿਕ ਭਾਵਨਾ ਦਾ ਰਾਹ ਰੋਕ ਲਿਆ। ਬਾਬਾ ਸੋਚੀਂ ਪੈ ਗਿਆ, 'ਮੇਰਾ ਚੰਦਾ ਸਿੰਘ ਵੱਲ ਜਾਣਾ ਸ਼ਾਇਦ ਠੀਕ ਨਹੀਂ। ਮੈਂ ਕੋਈ ਕਸੂਰ ਨਹੀਂ ਕੀਤਾ। ਉਸ ਦੀ ਨਾਰਾਜ਼ਗੀ ਸਰਾਸਰ ਗਲਤ ਹੈ। ਆਪਣੀ ਭੁੱਲ ਮੰਨਣ ਦੀ ਥਾਂ ਉਸ ਨੇ ਮੇਰੇ ਵੱਲੋਂ ਮੂੰਹ ਮੋੜ ਲਿਆ। ਹੋ ਸਕਦਾ ਹੈ ਘਰ ਗਿਆਂ ਵੀ ਉਹ ਮੱਥੇ ਵੱਟ ਪਾਵੇ । ਸਿਆਣਾ ਬਿਆਣਾ ਹੋ ਕੇ ਏਦਾਂ ਦੀ ਬੇਵਕੂਫ਼ੀ ਓਹੋ ਕਰ ਸਕਦਾ ਹੈ, ਮੈਂ ਨਹੀਂ।