

X X X X
ਕਾਲੇ ਕਾਲੇ ਬਾਗਾਂ ਵਿਚ ਕੋਇਲ ਬੋਲਦੀ,
ਚਿੱਠੀ ਤਾਂ ਆ ਗਈ ਮੇਰੇ ਬਾਂਕੇ ਢੋਲ ਦੀ।
ਸਿਪਾਹੀ ਦੀ ਚਿੱਠੀ ਆਉਣ ਦੀ ਖ਼ੁਸ਼ੀ ਨੂੰ ਨੱਚ ਨੱਚ ਕੇ ਮਨਾਇਆ ਜਾਂਦਾ ਸੀ –
ਚੰਦ ਕੁਰ ਨੰਦ ਕੁਰ ਦੋਵੇਂ ਭੈਣਾਂ,
ਫੌਜੀਆਂ ਦੇ ਘਰੀਂ ਵਿਆਹੀਆਂ।
ਪਹਿਨ ਪੱਚਰ ਕੇ ਆਈਆਂ ਗਿੱਧੇ ਵਿਚ,
ਲੱਗਦੀਆਂ ਸੱਜ ਵਿਆਹੀਆਂ।
ਨੱਚ ਨੱਚ ਪੱਟੀ ਧਰਤੀ,
ਖ਼ੁਸ਼ੀਆਂ ਰਲ ਕੇ ਮਨਾਈਆਂ।
ਮਾਹੀ ਦੇ ਆਉਣ ਦੀਆਂ,
ਚਿੱਠੀਆਂ ਫੌਜ ਵਿਚੋਂ ਆਈਆਂ।
ਜਦੋਂ ਡਾਕੀਆ ਬਾਂਕੇ ਢੋਲ ਦੀ ਚਿੱਠੀ ਲਿਆਉਂਦਾ ਸੀ, ਤਾਂ ਡਾਕੀਏ ਨੂੰ ਖ਼ੁਸ਼ ਕਰਨ ਲਈ ਖੀਰ ਵੀ ਖਵਾਈ ਜਾਂਦੀ ਸੀ-
ਨੀ ਮੈਂ ਡਾਕੀਏ ਨੂੰ ਖੀਰ ਖੁਆਵਾਂ,
ਚਿੱਠੀ ਲੈ ਕੇ ਆਇਆ ਢੋਲ ਦੀ।
ਜੇਕਰ ਢੋਲ ਚਿੱਠੀ ਨਹੀਂ ਪਾਉਂਦਾ ਸੀ ਤਾਂ ਇਸ ਦਾ ਦੋਸ਼ ਕਈ ਵੇਰ ਜਨਾਨੀਆਂ ਡਾਕੀਏ ਨੂੰ ਦਿੰਦੀਆਂ ਸਨ। ਡਾਕੀਏ ਕਿਹੜਾ ਘੱਟ ਹੁੰਦੇ ਸਨ, ਉਹ ਤਰੁੰਤ ਮੋੜਵਾਂ ਜਵਾਬ ਦੇ ਦਿੰਦੇ ਸਨ-
ਤੇਰਾ ਸ਼ਾਮ ਚਿੱਠੀਆਂ ਨਾ ਪਾਵੇ,
ਡਾਕੀਏ ਨੂੰ ਦੋਸ਼ ਦਿੰਨੀ ਏ।
ਚਿੱਠੀ ਪੱਤਰ ਅਤੇ ਵੰਡਣ ਦਾ ਬਾਕਾਇਦਾ ਮਹਿਕਮਾ ਅੰਗਰੇਜ਼ਾਂ ਨੇ ਆ ਕੇ ਚਾਲੂ ਕੀਤਾ। ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਨਾਮਾਤਰ ਹੀ ਪੜ੍ਹੇ ਹੋਏ ਮਿਲਦੇ ਸਨ। ਆਮ ਤੌਰ ਤੇ ਮੁਨਸ਼ੀ (ਮਾਸਟਰ), ਪਟਵਾਰੀਆਂ ਤੇ ਪੋਸਟ ਮੈਨਾਂ ਤੋਂ ਚਿੱਠੀਆਂ ਲਿਖਾਈਆਂ ਜਾਂਦੀਆਂ ਸਨ। ਇਨ੍ਹਾਂ ਤੋਂ ਹੀ ਆਈ ਚਿੱਠੀ ਨੂੰ ਪੜ੍ਹਾਇਆ ਜਾਂਦਾ ਸੀ –
ਮੁਣਸੀ ਮੇਰਾ ਖ਼ਤ ਲਿਖਦੇ,
ਖ਼ਤ ਲਿਖ ਦੇ ਸੱਜਣਾਂ ਦੇ ਨਾਂ।
X X X X
ਚਿੱਠੀ ਰਸਾਨਾ, ਚਿੱਠੀ ਦੇ ਜਾ ਘਰ ਆ ਕੇ,
ਮਾਹੀਏ ਦੀ ਚਿੱਠੀ ਜ਼ਰਾ ਜਾਵੀਂ ਸੁਣਾ ਕੇ।