

ਖ਼ੁਰਾਕਾਂ
ਦੁੱਧ
ਚੰਗੀ ਸਿਹਤ ਲਈ ਚੰਗੀ ਖ਼ੁਰਾਕ, ਚੰਗਾ ਪੌਣ ਪਾਣੀ, ਚੰਗਾ ਵਾਤਾਵਰਣ ਜ਼ਰੂਰੀ ਹੁੰਦਾ ਹੈ। ਚੰਗੀ ਖ਼ੁਰਾਕ ਵਿਚ ਦੁੱਧ, ਘੀ, ਮੱਖਣ ਤੇ ਦੁੱਧ ਤੋਂ ਬਣੀਆਂ ਵਸਤਾਂ ਸ਼ਾਮਲ ਹੁੰਦੀਆਂ ਹਨ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਹਰ ਹਮਲਾਵਰ ਪਹਿਲਾਂ ਪੰਜਾਬ ਤੇ ਹਮਲਾ ਕਰਦਾ ਸੀ ਤੇ ਫੇਰ ਅੱਗੇ ਦਿੱਲੀ ਵੱਲ ਵਧਦਾ ਸੀ। ਏਸ ਨਿਤ ਦੇ ਹਮਲਿਆਂ ਤੇ ਲੁੱਟ ਮਾਰ ਨੇ ਪੰਜਾਬੀਆਂ ਨੂੰ ਤਾਕਤਵਰ ਹੋਣ ਲਈ ਮਜ਼ਬੂਰ ਕੀਤਾ। ਉਸ ਸਮੇਂ ਕਿਹਾ ਜਾਂਦਾ ਸੀ –
“ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ।"
ਚੰਗੀ ਖ਼ੁਰਾਕ ਕਰ ਕੇ ਪੰਜਾਬ ਦੇ ਗਭਰੂਆਂ ਅਤੇ ਮੁਟਿਆਰਾਂ ਦੀਆਂ ਹਰ ਥਾਂ ਧੁੰਮਾਂ ਸਨ। ਏਸ ਲਈ ਤਾਂ ਪੰਜਾਬ ਦੇ ਹੁਸਨ ਦੀ ਤਾਰੀਫ਼ ਕਰਦਾ ਧਨੀ ਰਾਮ ਚਾਤ੍ਰਿਕ ਕਹਿ ਉੱਠਦਾ ਹੈ –
ਮੱਥੇ 'ਤੇ ਝਲਕ ਸ਼ਬਾਬ ਦੀ,
ਗੱਲ੍ਹਾਂ 'ਤੇ ਰੰਗ ਗੁਲਾਬ ਦਾ,
ਘਰ ਘਰ ਢੰਡੋਰਾ ਫਿਰ ਗਿਆ,
ਮੈਂ ਹੁਸਨ ਹਾਂ ਪੰਜਾਬ ਦਾ।

ਪੰਜਾਬੀਆਂ ਦੀ ਪਛਾਣ ਵੀ ਦੂਰੋਂ ਹੋ ਜਾਂਦੀ ਸੀ । ਪੰਜਾਬੀ ਉਨ੍ਹਾਂ ਸਮਿਆਂ ਵਿਚ ਡੋਕੇ ਚੁੰਘਦੇ ਸਨ। ਦੁੱਧ ਪੀਂਦੇ ਸਨ। ਅੱਧ ਰਿੜਕ, ਤਿਉੜ, ਲੱਸੀਆਂ, ਛੰਨਿਆਂ, ਕੋਲਿਆਂ ਵਿਚ ਪੀਂਦੇ ਸਨ। ਘਿਉ ਤੇ ਮੱਖਣ ਖਾਂਦੇ ਸਨ, ਜਿਸ ਕਰਕੇ ਉਨ੍ਹਾਂ ਵਿਚ ਲੋਹੜੇ ਦੀ ਤਾਕਤ ਹੁੰਦੀ ਸੀ-