Back ArrowLogo
Info
Profile

ਅੱਜ ਦੀ ਬਹੁਤੀ ਪੀੜ੍ਹੀ ਚਹੇੜੂ ਕੀਹਨੂੰ ਕਹਿੰਦੇ ਸਨ, ਇਹ ਵੀ ਨਹੀਂ ਜਾਣਦੀ?

ਮੱਖਣ ਨੂੰ ਗਰਮ ਕਰ ਕੇ ਤਰਦਾ ਤਰਦਾ ਘਿਉ ਕੱਢ ਕੇ ਬਾਕੀ ਰਹੇ ਲੱਸੀ ਤੇ ਘਿਉ ਵਿਚ ਠੰਡਾ ਪਾਣੀ ਪਾ ਕੇ ਰੱਖ ਦਿੱਤਾ ਜਾਂਦਾ ਸੀ। ਏਸ ਲੱਸੀ ਉਪਰ ਥੋੜ੍ਹਾ ਜਿਹਾ ਘਿਉ ਜੰਮ ਜਾਂਦਾ ਸੀ, ਉਸ ਤੋਂ ਪਿੱਛੋਂ ਬਾਕੀ ਰਹੀ ਲੱਸੀ ਨੂੰ ਚਹੇੜੂ ਕਹਿੰਦੇ ਸਨ।

ਉਨ੍ਹਾਂ ਸਮਿਆਂ ਵਿਚ ਦੁੱਧ ਆਮ ਹੁੰਦਾ ਸੀ। ਮੱਖਣ, ਘਿਉ ਆਮ ਹੁੰਦਾ ਸੀ। ਜੇਕਰ ਰੋਟੀ ਨਾਲ ਖਾਣ ਨੂੰ ਦਾਲ ਸਬਜ਼ੀ ਨਹੀਂ ਹੁੰਦੀ ਸੀ ਤਾਂ ਰੋਟੀ ਉਪਰ ਲੂਣ ਮਿਰਚ ਭੁਕ ਕੇ ਉਪਰ ਮੱਖਣ/ਘਿਉ ਰੱਖ ਕੇ ਰੋਟੀ ਖਾ ਲੈਂਦੇ ਸਨ। ਘਿਉ ਦੇ ਤੌਲੇ ਭਰੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਬਲਦਾਂ ਅਤੇ ਊਠਾਂ ਨਾਲ ਖੇਤੀ ਕੀਤੀ ਜਾਂਦੀ ਸੀ । ਕਈ ਤਾਂ ਬਲਦਾਂ ਅਤੇ ਊਠਾਂ ਨੂੰ ਵੀ ਘਿਉ ਚਾਰਦੇ ਹੁੰਦੇ ਸਨ-

ਵਹਿੜਕੇ ਨੂੰ ਘਿਉ ਚਾਰਦੇ,

ਤੇਰਾ ਮੰਨਾਂਗੀ ਹਸਾਨ ਮਿੱਤਰਾ।

ਵਿਆਹਾਂ ਵਿਚ ਬਹੁਤੀ ਮਠਿਆਈ ਘਿਉ ਵਾਲੀ ਬਣਾਈ ਜਾਂਦੀ ਸੀ। ਬਰਾਤੀਆਂ ਅਤੇ ਮੇਲ ਵਾਲਿਆਂ ਨੂੰ ਬੂਰਾ ਖੰਡ ਦੇ ਵਿਚ ਪਲਿਆਂ ਨਾਲ ਘਿਉ ਪਾ ਕੇ ਰੋਟੀ ਖਵਾਉਂਦੇ ਸਨ। ਵਿਆਹ ਵਿਚ ਜੇ ਕਰ ਕੋਈ ਮੇਲਣ ਘੱਟ ਨੱਚਦੀ ਸੀ ਜਾਂ ਸਿਹਤ ਪੱਖੋਂ ਕੁਝ ਕਮਜ਼ੋਰ ਹੁੰਦੀ ਸੀ ਜਾਂ ਨੱਚਣ ਤੋਂ ਪਾਸਾ ਵੱਟਦੀ ਹੁੰਦੀ ਸੀ ਤਾਂ ਉਸ ਨੂੰ ਟਕੋਰ ਲਾਈ ਜਾਂਦੀ ਸੀ-

ਬਾਰੀਂ ਬਰਸੀਂ ਖੱਟਣ ਗਿਆ ਸੀ,

ਖੱਟ ਕੇ ਲਿਆਂਦੀ ਚਾਂਦੀ।

ਜੇ ਤੂੰ ਨੱਚਣਾ ਸੀ,

ਘਿਉ ਦੀ ਪੰਸੇਰੀ ਖਾਂਦੀ।

ਜਨਾਨੀਆਂ ਨੂੰ ਬੱਚੇ ਦੀ ਪੈਦਾਇਸ਼ ਤੇ ਘੱਟੋ ਘੱਟ 10 ਸੇਰ ਕੱਚੇ ਘਿਉ, ਜਿਹੜੇ ਅੱਜ ਕੱਲ੍ਹ ਦੇ 5 ਕਿਲੋ ਦੇ ਕਰੀਬ ਬਣਦੇ ਹਨ, ਪੰਜੀਰੀ ਰਲਾ ਕੇ ਦਿੰਦੇ ਸਨ। ਵੀਰ ਦੇ ਘਰ ਪੁੱਤ ਜੰਮਣ ਤੇ ਬਾਬਲ ਆਪਣੀ ਧੀ ਨੂੰ ਮੱਝਾਂ ਦਿਆ ਕਰਦੇ ਸਨ। ਮੁੰਡੇ ਦੀ ਲੋਹੜੀ ਮੰਗਣ ਸਮੇਂ ਵੀ ਗਾਇਆ ਜਾਂਦਾ ਸੀ-

ਛੰਨੇ ਵਿਚ ਘਿਉ,

ਜੀਵੇ ਮੁੰਡੇ ਦਾ ਪਿਉ,

ਸਾਨੂੰ ਦੇਹ ਲੋਹੜੀ।

ਦੁੱਧ, ਮੱਖਣ, ਘਿਉ ਖਾਣ ਦਾ ਐਨਾ ਰਿਵਾਜ ਸੀ ਕਿ ਜੇਕਰ ਕਿਸੇ ਜਿਮੀਂਦਾਰ ਕੋਲ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਮਾਮਲਾ ਭਰਨ ਜੋਗੇ ਪੈਸੇ ਨਹੀਂ ਹੁੰਦੇ ਸਨ ਤਾਂ ਉਸ ਦੀ ਘਰ ਵਾਲੀ ਮੱਝ ਵੇਚ ਕੇ ਮਾਮਲਾ ਭਰਨ ਨਾਲੋਂ ਆਪਣੀ ਸੱਸ ਦੀਆਂ ਟੂਮਾਂ ਵੇਚ ਕੇ ਮਾਮਲਾ ਭਰਨ ਨੂੰ ਕਹਿੰਦੀ ਹੁੰਦੀ ਸੀ।

111 / 361
Previous
Next