

ਪੰਜਾਬ ਵਿਚ ਦੁੱਧ ਹੁਣ ਪਹਿਲਾਂ ਨਾਲੋਂ ਜ਼ਿਆਦਾ ਪੈਦਾ ਹੁੰਦਾ ਹੈ। ਪਰ ਰਿੜਕਿਆ ਪਹਿਲਾਂ ਨਾਲੋਂ ਬਹੁਤ ਘੱਟ ਜਾਂਦਾ ਹੈ। ਦਿਨੋ ਦਿਨ ਮੱਖਣ, ਘਿਉ ਖਾਣ ਦਾ ਰਿਵਾਜ ਵੀ ਘੱਟ ਰਿਹਾ ਹੈ। ਲੱਸੀ ਪੀ ਕੇ ਕੋਈ ਰਾਜ਼ੀ ਨਹੀਂ। ਦੁੱਧ ਦੀ ਥਾਂ ਹੁਣ ਚਾਹ ਨੇ ਲੈ ਲਈ ਹੈ। ਘਿਉ ਦੀ ਥਾਂ ਹੁਣ ਸੋਧੇ ਹੋਏ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਥਾਂ ਥਾਂ ਮਿਲਕ ਪਲਾਂਟ ਲਗ ਗਏ ਹਨ। ਲੋੜ ਜੋਗਾ ਦੁੱਧ ਰੱਖ ਕੇ ਬਾਕੀ ਸਭ ਵੇਚ ਦਿੱਤਾ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਲੋਕਾਂ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਰਹੀ। ਡਾਕਟਰ ਵੀ ਹੁਣ ਘਿਉ ਦੀ ਥਾਂ ਤੇਲ ਖਾਣ ਦੀ ਸਿਫ਼ਾਰਸ਼ ਕਰਦੇ ਹਨ। ਘਿਉ ਹੁਣ ਦਾਰੂ ਨਹੀਂ ਰਿਹਾ, ਸਗੋਂ ਬੀਮਾਰੀ ਬਣਦਾ ਜਾ ਰਿਹਾ ਹੈ, ਕਿਉਂ ਜੋ ਅਸੀਂ ਹੱਥੀਂ ਕੰਮ ਕਰਨਾ ਤੇ ਮਿਹਨਤ ਕਰਨਾ ਛੱਡ ਦਿੱਤਾ ਹੈ।
0
ਲੱਸੀ ਦਾ ਪਨੀਰ
ਦੁੱਧ ਨੂੰ ਪਾੜ੍ਹ ਕੇ ਬਣਾਇਆ ਪਨੀਰ ਤਾਂ ਤੁਸੀਂ ਨਿੱਤ ਵੇਖਦੇ ਹੋ ਤੇ ਖਾਂਦੇ ਹੋ, ਪਰ ਪਹਿਲੇ ਸਮਿਆਂ ਵਿਚ ਲੋਕਾਂ ਨੂੰ ਦੁੱਧ ਨੂੰ ਪਾੜ੍ਹ ਕੇ ਪਨੀਰ ਬਣਾਉਣ ਦੀ ਜਾਚ ਨਹੀਂ ਸੀ। ਉਸ ਸਮੇਂ ਲੱਸੀ ਤੋਂ ਪਨੀਰ ਬਣਾਇਆ ਜਾਂਦਾ ਸੀ। ਪੰਜਾਬ ਵਿਚ ਉਸ ਸਮੇਂ ਦੁੱਧ ਆਮ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਜਿਸ ਜਨਾਨੀ ਦੇ ਘਰ ਪੁੱਤਰ ਹੁੰਦਾ ਸੀ, ਦੁੱਧ ਹੁੰਦਾ ਸੀ, ਪਤੀ ਹੁੰਦਾ ਸੀ, ਉਹ ਜਨਾਨੀ ਜੇਕਰ ਫੇਰ ਵੀ ਐਵੇਂ ਕਿਸੇ ਗੱਲੋਂ ਵਿਗੋਚਾ ਸਮਝਦੀ ਸੀ ਤਾਂ ਉਸ ਨੂੰ ਟਕੋਰ ਲਾਈ ਜਾਂਦੀ ਸੀ-
ਦੁੱਧ, ਪੁੱਤ ਤੇ ਖਸਮ ਘਰ ਤੇਰੇ,
ਹੋਰ ਕੀ ਤੂੰ ਮੰਗੇਂ ਰੱਬ ਤੋਂ?
