

ਜ਼ਿਆਦਾ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਫ਼ਸਲਾਂ ਉਸ ਸਮੇਂ ਜੁਆਰ, ਬਾਜਰਾ, ਕਣਕ, ਜੋ, ਛੋਲੇ, ਮੂੰਗੀ, ਮੋਠ ਆਦਿ ਦੀਆਂ ਹੁੰਦੀਆਂ ਸਨ। ਜਦ ਬਾਰਸ਼ ਨਹੀਂ ਹੁੰਦੀ ਸੀ ਤਾਂ ਕਾਲ ਪੈ ਜਾਂਦਾ ਸੀ। ਜਦ ਬਾਰਸ਼ ਘੱਟ ਹੁੰਦੀ ਸੀ ਤਾਂ ਖਾਣ ਜੋਗੇ ਹੀ ਦਾਣੇ ਹੁੰਦੇ ਸਨ। ਉਸ ਸਮੇਂ ਲੋਕ ਆਮ ਤੌਰ ਤੇ ਬਾਜਰਾ, ਜੁਆਰ, ਮੂੰਗੀ, ਮੋਠਾਂ ਆਦਿ ਦੀ ਖਿਚੜੀ ਬਣਾ ਕੇ ਖਾਂਦੇ ਸਨ ਜਾਂ ਬਾਜਰਾ, ਜੁਆਰ, ਕਣਕ, ਛੋਲਿਆਂ ਦੇ ਆਟਿਆਂ ਨੂੰ ਮਿਲਾ ਕੇ ਪਾਣੀ ਹੱਥ ਵਾਲੀ ਮਿੱਸੀ ਰੋਟੀ ਬਣਾਉਂਦੇ ਸਨ, ਜਿਸ ਨੂੰ ਦਹੀਂ, ਮੱਖਣ, ਲੱਸੀ, ਗੱਠੇ, ਗੱਠੇ ਦੀ ਚਟਣੀ, ਚਿੱਬੜਾਂ ਦੀ ਚਟਣੀ, ਡੇਲਿਆਂ, ਤੁੱਕਿਆਂ ਤੇ ਮਿਰਚਾਂ ਦੇ ਆਚਾਰ ਨਾਲ ਖਾ ਲੈਂਦੇ ਸਨ। ਮਾਲਵੇ ਵਿਚ ਤਾਂ ਉਸ ਸਮੇਂ ਆਚਾਰ ਹੀ ਤੁੱਕਿਆਂ, ਡੇਲਿਆਂ ਤੇ ਮਿਰਚਾਂ ਦਾ ਪਾਇਆ ਜਾਂਦਾ ਸੀ। ਪਿੰਡਾਂ ਵਿਚ ਕਿੱਕਰਾਂ ਤੇ ਕਰੀਰ ਆਮ ਹੁੰਦੇ ਸਨ। ਤੁੱਕੇ ਕਿੱਕਰਾਂ ਨੂੰ ਲਗਦੇ ਸਨ, ਡੇਲੇ ਕਰੀਰਾਂ ਨੂੰ। ਡੇਲਿਆਂ ਬਾਰੇ ਇਕ ਲੋਕ ਗੀਤ ਵੀ ਸੁਣੋ-
ਕਰੀਰਾਂ ਦੇ ਪੱਕੇ ਗਏ ਡੇਲੇ,
ਅੱਜ ਦੇ ਵਿਛੜਿਆਂ ਦੇ,
ਕਦੇ ਹੋਣਗੇ ਸਬੱਬ ਨਾਲ ਮੇਲੇ।
ਡੇਲਿਆਂ ਤੇ ਤੁੱਕਿਆਂ ਦਾ ਆਚਾਰ ਸੁਆਦ ਵੀ ਹੁੰਦਾ ਸੀ ਤੇ ਗੁਣਕਾਰੀ ਵੀ ਹੁੰਦਾ ਸੀ। ਹੁਣ ਮੁੜ ਲੱਸੀ ਦੇ ਪਨੀਰ ਵੱਲ ਆਉਂਦੇ ਹਾਂ।
ਲੱਸੀ ਦਾ ਪਨੀਰ ਬਣਾਉਣ ਲਈ ਖੱਦਰ ਦਾ ਪੋਣਾ ਲੈਂਦੇ ਸਨ। ਇਹ ਪੋਣਾ ਅੱਜ ਦੇ ਪੈਣਿਆਂ ਨਾਲੋਂ ਲੰਮਾ ਚੌੜਾ ਹੁੰਦਾ ਸੀ। ਇਸ ਦਾ ਆਕਾਰ ਆਮ ਤੌਰ ਤੇ ਪੌਣਾ ਕੁ ਗਜ਼ ਲੰਮਾ ਅਤੇ ਐਨਾ ਹੀ ਚੌੜਾ ਹੁੰਦਾ ਸੀ। ਪਨੀਰ ਪੌਣ ਲਈ ਲੱਸੀ ਨੂੰ ਪਹਿਲਾਂ ਪੈਣੀ ਨਾਲ ਪੁਣ ਕੇ ਛਿੱਦੀਆਂ ਕੱਢ ਦਿੰਦੇ ਸਨ। ਪੌਣੇ ਦੇ ਦੋ-ਦੋ ਲੜਾਂ ਨੂੰ ਆਪਸ ਵਿਚ ਬੰਨ੍ਹ ਕੇ ਪੋਣੇ ਦੇ ਵਿਚਾਲੇ ਪੁਣੀ ਹੋਈ ਲੱਸੀ ਪਾਈ ਜਾਂਦੀ ਸੀ। ਲੱਸੀ ਪਾ ਕੇ ਪੈਣੇ ਨੂੰ ਕਿਸੇ ਕੀਲੇ ਤੇ ਲਟਕਾ ਦਿੱਤਾ ਜਾਂਦਾ ਸੀ । ਲਟਕਾਉਣ ਨਾਲ ਲੱਸੀ ਵਿਚੋਂ ਹੌਲੀ ਹੌਲੀ ਸਾਰਾ ਪਾਣੀ ਨਿਕਲ ਜਾਂਦਾ ਸੀ ਤੇ ਪੈਣੇ ਵਿਚ ਬਣਿਆ ਪਨੀਰ ਰਹਿ ਜਾਂਦਾ ਸੀ। ਫੇਰ ਪੈਣੇ ਨੂੰ ਕੀਲੇ ਤੋਂ ਲਾਹ ਲੈਂਦੇ ਸਨ। ਪੌਣੇ ਦੇ ਲੜਾਂ ਨੂੰ ਦਿੱਤੀਆਂ ਗੱਠਾਂ ਖੋਲ੍ਹ ਕੇ ਦੋ ਜਣੀਆਂ ਪੌਣੇ ਦੇ ਲੜਾਂ ਨੂੰ ਫੜ ਲੈਂਦੀਆਂ ਸਨ। ਇਕ ਜਣੀ ਪੌਣੇ ਵਿਚ ਬਣੇ ਪਨੀਰ ਨੂੰ ਕੌਲੀ ਨਾਲ ਘਰੋੜ ਘਰੋੜ ਕੇ ਕੱਢ ਕੇ ਕਿਸੇ ਪਤੀਲੇ ਜਾਂ ਕਿਸੇ ਮਿੱਟੀ ਦੇ ਵਰਤਣ ਵਿਚ ਪਾ ਲੈਂਦੀਆਂ ਸਨ। ਫੇਰ ਉਸ ਵਿਚ ਲੋੜ ਅਨੁਸਾਰ ਪਾਣੀ ਪਾ ਕੇ, ਘੋਲ ਕੇ, ਲੂਣ ਮਿਰਚ ਪਾ ਕੇ ਖਾਣ ਲਈ ਤਿਆਰ ਕਰ ਲੈਂਦੀਆਂ ਸਨ। ਇਸ ਵਿਧੀ ਨਾਲ ਪਨੀਰ ਬਣ ਜਾਂਦਾ ਸੀ।
ਕੱਲੇ ਪਨੀਰ ਦੀ ਸਬਜ਼ੀ ਵੀ ਬਣਾ ਲੈਂਦੇ ਸਨ। ਇਹ ਸਬਜ਼ੀ ਆਂਡਿਆਂ ਦੀ ਭੁਰਜੀ ਦੀ ਤਰ੍ਹਾਂ ਬਣਦੀ ਹੁੰਦੀ ਸੀ। ਆਲੂਆਂ ਵਿਚ ਪਨੀਰ ਪਾ ਕੇ ਵੀ ਸਬਜ਼ੀ ਬਣਾ