Back ArrowLogo
Info
Profile

ਸੱਤੂਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂ ਜੋ ਸਫ਼ਰ ਵਿਚ ਸੱਤੂ ਰੋਟੀ ਦਾ ਬਦਲ ਬਣ ਜਾਂਦੇ ਸਨ।

ਸੱਤੂਆਂ ਨਾਲ ਕਈ ਅਖਾਣ, ਮੁਹਾਵਰੇ ਵੀ ਜੁੜੇ ਹੋਏ ਸਨ। ਜਿਹੜਾ ਬੰਦਾ ਜਿਸਮਾਨੀ ਤੌਰ ਤੇ ਕਮਜ਼ੋਰ ਹੋ ਜਾਂਦਾ ਸੀ, ਉਸ ਬਾਰੇ ਕਿਹਾ ਜਾਂਦਾ ਸੀ-

'ਏਸ ਦੇ ਤਾਂ ਸੱਤੂ ਮੁੱਕੇ ਹੋਏ ਹਨ।

ਉਨ੍ਹਾਂ ਸਮਿਆਂ ਵਿਚ ਲੋਕ ਖਿਚੜੀ ਖਾਂਦੇ ਸਨ। ਖਿਚੜੀ ਰਿੰਨ੍ਹ ਕੇ ਬਣਾਈ ਜਾਂਦੀ ਸੀ। ਸੱਤੂਆਂ ਨੂੰ ਘੋਲ ਕੇ ਪੀਤਾ ਜਾਂਦਾ ਸੀ। ਸੱਤੂਆਂ ਸਬੰਧੀ ਇਕ ਹੋਰ ਅਖਾਣ ਹੈ –

ਸੱਤੂ ਮਨ ਮੱਤੂ, ਕਬ ਘੋਲੂੰ ਕਬ ਚੱਖੂੰ।

ਖਿਚੜੀ ਪਕਾਈ, ਖਾਈ, ਚੱਲ ਮੇਰੇ ਭਾਈ।

ਹੌਲੀ ਹੌਲੀ ਪੰਜਾਬ ਵਿਚ ਸੱਤੂਆਂ ਦੀ ਥਾਂ ਠੰਢਿਆਈ ਨੇ ਲੈ ਲਈ। ਹੁਣ ਵਾਲੀ ਪੀੜ੍ਹੀ ਠੰਢਿਆਈ ਕੀ ਹੁੰਦੀ ਸੀ, ਇਸ ਬਾਰੇ ਵੀ ਨਹੀਂ ਜਾਣਦੀ। ਆਮ ਆਦਮੀ ਦੀ ਠੰਢਿਆਈ ਵਿਚ ਖਸ਼ ਖਸ਼, ਕਾਲੀ ਮਿਰਚ, ਦੁੱਧ ਤੇ ਸ਼ੱਕਰ ਹੀ ਹੁੰਦੀ ਸੀ। ਜਿਨ੍ਹਾਂ ਲੋਕਾਂ ਦੀ ਆਰਥਿਕ ਹਾਲਤ ਚੰਗੀ ਹੁੰਦੀ ਸੀ, ਉਹ ਠੰਢਿਆਈ ਵਿਚ ਖਸ਼ ਖ਼ਸ਼, ਕਾਲੀ ਮਿਰਚ, ਦੁੱਧ, ਸ਼ੱਕਰ ਦੇ ਨਾਲ ਮਗਜ਼, ਬਦਾਮ ਅਤੇ ਗੁਲਾਬ ਦੀਆਂ ਪੱਤੀਆਂ ਵੀ ਪਾਉਂਦੇ ਸਨ। ਪਹਿਲਾਂ ਕੂੰਡੇ ਵਿਚ ਖਸ਼ ਖ਼ਸ਼ ਨੂੰ ਚੰਗੀ ਤਰ੍ਹਾਂ ਰਗੜਦੇ ਸਨ। ਫੇਰ ਮਗਜ਼, ਬਦਾਮ, ਗੁਲਾਬ ਦੀਆਂ ਪੱਤੀਆਂ ਤੇ ਕਾਲੀ ਮਿਰਚ ਨੂੰ ਵਿਚ ਪਾ ਕੇ ਰਗੜਿਆ ਜਾਂਦਾ ਸੀ। ਉਸ ਪਿੱਛੋਂ ਸ਼ੱਕਰ ਪਾ ਕੇ ਰਗੜਦੇ ਸਨ। ਫੇਰ ਦੁੱਧ ਪਾਉਂਦੇ ਸਨ। ਫੇਰ ਜਿੰਨੇ ਕੁ ਬੰਦਿਆਂ ਲਈ ਠੰਢਿਆਈ ਬਣਾਈ ਜਾਂਦੀ ਸੀ, ਉਸ ਵਿਚ ਓਨਾ ਪਾਣੀ ਪਾਇਆ ਜਾਂਦਾ ਸੀ । ਫੇਰ ਇਸ ਨੂੰ ਪੋਣੇ ਨਾਲ ਪੁਣਦੇ ਸਨ। ਇਸ ਤਰ੍ਹਾਂ ਠੰਢਿਆਈ ਬਣਦੀ ਸੀ। ਜਿਸ ਤਰ੍ਹਾਂ ਉਨ੍ਹਾਂ ਸਮਿਆਂ ਵਿਚ ਛੰਨਿਆਂ, ਕੌਲਿਆਂ ਤੇ ਕੰਗਣੀ ਵਾਲੇ ਗਲਾਸਾਂ ਵਿਚ ਲੱਸੀ ਪੀਤੀ ਜਾਂਦੀ ਸੀ, ਉਸੇ ਤਰ੍ਹਾਂ ਹੀ ਠੰਢਿਆਈ ਵੀ ਛੰਨਿਆਂ, ਕੌਲਿਆਂ ਤੇ ਕੰਗਣੀ ਵਾਲੇ ਗਲਾਸਾਂ ਵਿਚ ਪੀਂਦੇ ਸਨ।

ਗਰਮੀ ਦੇ ਮੌਸਮ ਵਿਚ ਜਦ ਕਣਕ, ਛੋਲੇ, ਜੋਆਂ ਨੂੰ ਫਲ੍ਹਿਆਂ ਨਾਲ ਗਾਹਿਆ ਜਾਂਦਾ ਸੀ। ਛੋਲੇ, ਸਰ੍ਹੋਂ ਕੱਢੇ ਜਾਂਦੇ ਸਨ। ਉਸ ਸਮੇਂ ਤੀਜੇ ਪਹਿਰ/ਦੁਪਹਿਰ ਤੋਂ ਬਾਅਦ ਠੰਢਿਆਈ ਵਿਸ਼ੇਸ਼ ਤੌਰ ਤੇ ਪੀਤੀ ਜਾਂਦੀ ਸੀ। ਠੰਢਿਆਈ ਉਨ੍ਹਾਂ ਸਮਿਆਂ ਦੀ ਗਰਮੀ ਦੇ ਮੌਸਮ ਵਿਚ ਦੁਪਹਿਰ ਤੋਂ ਬਾਅਦ ਪੀਣ ਵਾਲੀ ਜ਼ਰੂਰੀ ਖੁਰਾਕੀ ਵਸਤ ਹੁੰਦੀ ਸੀ। ਲੱਸੀ ਵੀ ਉਨ੍ਹਾਂ ਸਮਿਆਂ ਵਿਚ ਸਾਰਾ ਦਿਨ ਹੀ ਪੀਤੀ ਜਾਂਦੀ ਸੀ। ਉਨ੍ਹਾਂ ਸਮਿਆਂ ਦਾ ਠੰਢਿਆਈ ਤੇ ਲੱਸੀ ਸਬੰਧੀ ਇਕ ਮੁਹਾਵਰਾ ਇਹ ਵੀ ਹੁੰਦਾ ਸੀ –

'ਠੰਢਿਆਈ ਤੇ ਲੱਸੀ ਵਿਚ ਪਾਣੀ ਪਾ ਕੇ ਜਿੰਨਾ ਮਰਜ਼ੀ ਵਧਾ ਲਵੋ।

124 / 361
Previous
Next