

ਸਰ੍ਹੋਂ ਦੇ ਖੇਤਾਂ ਦੀ ਰਾਖੀ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਸੀ। ਜਿਹੜੇ ਪਰਿਵਾਰ ਆਪ ਰਾਖੀ ਨਹੀਂ ਕਰ ਸਕਦੇ ਸਨ, ਉਹ ਪਰਿਵਾਰ ਰਾਖੀ ਲਈ ਰਾਖੇ ਰੱਖਦੇ ਸਨ। ਰਾਖੀ ਕਰਨ ਲਈ ਖੇਤਾਂ ਵਿਚ ਮਨ੍ਹੇ ਗੱਡੇ ਜਾਂਦੇ ਸਨ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਮਨ੍ਹਾਂ ਕਿਸ ਨੂੰ ਕਹਿੰਦੇ ਸਨ, ਇਹ ਵੀ ਨਹੀਂ ਪਤਾ ਹੋਏਗਾ। ਖੇਤ ਦੇ ਵਿਚਕਾਰ ਜਿਹੇ 10 ਕੁ ਫੁੱਟ ਦੀਆਂ ਲੰਮੀਆਂ ਲੱਕੜਾਂ ਚਾਰ ਸਿਰਿਆਂ ਤੋਂ 8 ਕੁ ਫੁੱਟ ਦਾ ਫ਼ਾਸਲਾ ਗੱਡ ਕੇ ਗੱਡੀਆਂ ਜਾਂਦੀਆਂ ਸਨ। ਇਨ੍ਹਾਂ ਗੱਡੀਆਂ ਲੱਕੜਾਂ ਦੇ ਸਿਰਿਆਂ ਨਾਲ ਹੋਰ ਚਾਰ ਲੱਕੜਾਂ ਬੰਨ੍ਹ ਕੇ ਤੇ ਇਕ ਦੇ ਲੱਕੜਾਂ ਵਿਚਾਲੇ ਪਾ ਕੇ, ਉਨ੍ਹਾਂ ਉਪਰ ਕਪਾਹ ਦੀਆਂ ਛਿਟੀਆਂ ਜਾਂ ਸਲਵਾੜ ਦੇ ਕਾਨੇ ਪਾ ਕੇ ਪਾਈ ਗਈ ਛੱਤ ਨੂੰ ਮਨ੍ਹਾ ਕਹਿੰਦੇ ਸਨ। ਏਸ ਮਨ੍ਹੇ ਉਪਰ ਬੈਠ ਕੇ ਹੀ ਰਾਖਾ ਸਾਰੇ ਖੇਤਾਂ ਦੀ ਰਾਖੀ ਕਰਦਾ ਹੁੰਦਾ ਸੀ।
ਗੰਦਲਾਂ ਦਾ ਸਾਗ ਵੱਧ ਸੁਆਦ ਬਣਦਾ ਹੋਣ ਕਰਕੇ ਜੱਟ ਆਪਣੀ ਜੱਟੀ ਨੂੰ ਸਾਗ ਤੋੜਨ ਲਈ ਗੰਦਲਾਂ ਵਾਲੇ ਖੇਤ ਹੀ ਆਉਣ ਨੂੰ ਕਹਿੰਦਾ ਹੁੰਦਾ ਸੀ-
ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ,
ਸਰ੍ਹੋਂ ਵਾਲੇ ਆ ਜੀ ਖੇਤ ਨੂੰ।
X X X X
ਕੱਚੀ ਗੰਦਲ ਸਰ੍ਹੋਂ ਦੇ ਫੁੱਲ ਵਰਗੀ,
ਸਰ੍ਹੋਂ ਦਾ ਸਾਗ ਤੋੜਦੀ ਫਿਰੇ।
ਖੇਤ ਵਿਚੋਂ ਸਾਗ ਝੁਕ ਕੇ ਤੋੜਨਾ ਪੈਂਦਾ ਸੀ। ਏਸ ਲਈ ਕਈ ਬਹੂਆਂ ਦੀਆਂ ਕਮਰਾਂ/ਢੂਹੀ ਦੁਖਣ ਲੱਗ ਜਾਂਦੀ ਸੀ, ਜਿਸ ਕਰਕੇ ਉਹ ’ਕੱਲੀਆਂ ਸਾਗ ਤੋੜਨ ਤੋਂ ਕੋਈ ਨਾ ਕੋਈ ਬਹਾਨਾ ਲੱਭ ਲੈਂਦੀਆਂ ਸਨ-
ਮੈਂ 'ਕੱਲੀ ਕਿਉਂ ਸਾਗ ਨੂੰ ਜਾਵਾਂ,
ਰੁੱਗ ਸਾਰਾ ਨਣਦਾਂ ਦਾ।
ਉਨ੍ਹਾਂ ਸਮਿਆਂ ਵਿਚ ਸ਼ਹਿਰਾਂ ਵਿਚ ਸਾਗ, ਸਬਜ਼ੀ ਦੀ ਤਰ੍ਹਾਂ ਬਜ਼ਾਰਾਂ ਵਿਚ ਲਿਆ ਕੇ ਵੇਚਣ ਦਾ ਰਿਵਾਜ ਨਹੀਂ ਸੀ। ਏਸ ਲਈ ਜੇਕਰ ਕਿਸੇ ਸ਼ਹਿਰ ਵਾਸੀ ਨੇ ਸਾਗ ਖਾਣਾ ਹੁੰਦਾ ਸੀ, ਉਹ ਜਾਂ ਤਾਂ ਆਪ ਪਿੰਡਾਂ ਵਿਚੋਂ ਜਾ ਕੇ ਲਿਆਉਂਦੇ ਸਨ ਜਾਂ ਆਪਣੇ ਮਿਲਣ ਗਿਲਣ ਵਾਲੇ ਪਿੰਡ ਵਾਲਿਆਂ ਤੋਂ ਮੰਗਵਾਉਂਦੇ ਸਨ। ਏਸੇ ਦੀ ਪ੍ਰੋੜ੍ਹਤਾ ਕਰਦਾ ਲੋਕ ਗੀਤ ਸੁਣੋ-
ਕੀ ਲੈਣਾ ਸ਼ਹਿਰਨ ਬਣ ਕੇ, ਸਾਗ ਨੂੰ ਤਰਸੇਂਗੀ।
ਹੁਣ ਤਾਂ ਪਿੰਡਾਂ ਨਾਲੋਂ ਸ਼ਹਿਰਾਂ ਵਿਚ ਸਾਗ ਜ਼ਿਆਦੇ ਲੰਮੇ ਸਮੇਂ ਤੱਕ ਮਿਲਦਾ ਰਹਿੰਦਾ ਹੈ। ਪਹਿਲੇ ਸਮਿਆਂ ਵਿਚ ਸਾਗ ਲੋਕੀਂ ਪੂਰੇ ਸੁਆਦ ਤੇ ਪੂਰੀ ਮਿਕਦਾਰ