

ਵਿਚ ਖਾਂਦੇ ਸਨ। ਕੌਲੇ, ਛੰਨੇ ਭਰ ਕੇ ਤੇ ਵਿਚ ਪੂਰਾ ਮੱਖਣ ਪਾ ਕੇ-
ਕੁੜੀਓ ਨੀ ਮੈਂ ਬੋਲੀ ਪਾਵਾਂ,
ਖੜੀ ਖੜੀ ਨੇ ਜੋੜੀ।
ਰਾਤੀਂ ਹੱਦ ਕਰ ਗਿਆ,
ਖਾ ਗਿਆ ਸਾਗ ਦੀ ਤੌੜੀ।
ਨੂੰਹ ਸੱਸ ਦੀ ਸਾਡੇ ਸਮਾਜ ਵਿਚ ਬਹੁਤੀ ਨਹੀਂ ਬਣਦੀ ਰਹੀ। ਕਈ ਵੇਰ ਲੜਾਈ ਝਗੜਾ ਹੋਣ ਤੇ ਸੱਸ ਆਪਣੀ ਨੂੰਹ ਨੂੰ ਸਾਗ ਦੇਣ ਤੋਂ ਜਵਾਬ ਦੇ ਦਿੰਦੀ ਸੀ, ਜਿਸ ਕਰਕੇ ਨੂੰਹ ਨੂੰ ਰੁੱਖੀ ਰੋਟੀ ਖਾਣੀ ਪੈਂਦੀ ਸੀ, ਜਿਸ ਦਾ ਗਿਲਾ ਉਹ ਆਪਣੇ ਪਤੀ ਕੋਲ ਕਰਦੀ ਹੁੰਦੀ ਸੀ-
ਤੇਰੀ ਮਾਂ ਨੇ ਰਿੱਧਾ ਸਾਗ ਵੇ,
ਅਸੀਂ ਮੰਗਿਆ ਤਾਂ ਦਿੱਤਾ ਜਵਾਬ ਵੇ,
ਮੈਂ ਰੁੱਖੀ ਰੋਟੀ ਖਾਨੀ ਆਂ, ਵੇ ਮੁੰਡਿਆ।
ਸਰ੍ਹੋਂ ਦੀ ਫ਼ਸਲ ਤੇ ਜਦ ਫੁੱਲ ਆ ਜਾਂਦੇ ਸਨ ਤਾਂ ਖੇਤ ਇਸ ਤਰ੍ਹਾਂ ਲੱਗਦੇ ਹੁੰਦੇ ਸਨ, ਜਿਵੇਂ ਕਿਸੇ ਨੇ ਖੇਤਾਂ ਵਿਚ ਸੋਨਾ ਖਿਲਾਰ ਦਿੱਤਾ ਹੋਵੇ। ਮੁਟਿਆਰਾਂ ਦੇ ਰੰਗ ਰੂਪ ਨੂੰ ਵੀ ਸਰ੍ਹੋਂ ਦੇ ਫੁੱਲਾਂ ਨਾਲ ਤੁਲਨਾ ਦਿੱਤੀ ਜਾਂਦੀ ਸੀ-
ਕੁੜੀ ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ,
ਮੁੰਡਾ ਕਾਲੇ ਨਾਗ ਵਰਗਾ।
ਪਹਿਲੇ ਸਮਿਆਂ ਵਿਚ ਜਿਸ ਸੱਜ-ਵਿਆਹੀ ਦਾ ਫੌਜੀ ਪਤੀ ਜੰਗ ਲੱਗਣ ਕਰਕੇ ਵਿਆਹ ਤੋਂ ਛੇਤੀ ਬਾਅਦ ਜੰਗ ਨੂੰ ਚਲਿਆ ਜਾਂਦਾ ਸੀ, ਜੰਗ ਸਾਲਾਂ ਬੱਧੀ ਚਲਦੀ ਰਹਿੰਦੀ ਸੀ। ਜੰਗ ਖ਼ਤਮ ਹੋਣ ਤੋਂ ਪਿਛੋਂ ਜਦ ਉਸ ਦਾ ਪਤੀ ਘਰ ਵਾਪਸ ਆਉਂਦਾ ਸੀ ਤਾਂ ਉਸ ਦੀ ਪਤਨੀ ਆਪਣੇ ਪਤੀ ਨੂੰ ਨਿਹੋਰਾ ਦਿੰਦੀ ਕਹਿੰਦੀ ਸੀ-
ਉਦੋਂ ਕਿਉਂ ਨਾ ਆਇਆ ਵੈਰੀਆ,
ਜਦ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ।
ਸਾਗ ਉਨ੍ਹਾਂ ਸਮਿਆਂ ਵਿਚ ਹੱਥ ਨਾਲ ਸਾਗ ਚੀਰਨ ਵਾਲੀ ਦਾਤੀ ਨਾਲ ਚੀਰਿਆ ਜਾਂਦਾ ਸੀ। ਮਿੱਟੀ ਦੀ ਤੌੜੀ ਵਿਚ ਲੱਕੜਾਂ, ਪਾਥੀਆਂ ਤੇ ਗੁੱਲਾਂ ਦੀ ਅੱਗ ਤੇ ਬਣਾਇਆ ਜਾਂਦਾ ਸੀ। ਸਾਗ ਵਿਚ ਬਾਬੂ ਪਾਇਆ ਜਾਂਦਾ ਸੀ। ਘੋਟਣ ਵਾਲੀ ਘੋਟਣੀ ਨਾਲ ਘੋਟਿਆ ਜਾਂਦਾ ਸੀ। ਇਕ ਦਿਨ ਦਾ ਰਿੰਨਿਆ ਹੋਇਆ ਸਾਗ ਤੜਕਾ ਲਾ ਕੇ ਕਈ ਦਿਨ ਖਾਧਾ ਜਾਂਦਾ ਸੀ।
ਪਹਿਲੇ ਸਮਿਆਂ ਵਿਚ ਕੁੜੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਸੀ ਜਿਸ ਕਰਕੇ ਹਰ ਘਰ ਵਿਚ ਕੋਈ ਨਾ ਕੋਈ ਭਰਾ ਛੜਾ ਰਹਿ ਜਾਂਦਾ ਸੀ। ਛੜੇ ਹੁੰਦੇ ਵੀ