

ਜਾਂਦੀ ਹੈ ਤੇ ਇਕ ਖੀਰ ਰਹੁ ਨਾਲ ਬਣਾਈ ਜਾਂਦੀ ਸੀ। ਗੰਨੇ ਦੇ ਰਸ ਨੂੰ ਰਹੁ ਕਹਿੰਦੇ ਸਨ।
ਸਾਉਣ ਮਹੀਨੇ ਖੀਰ ਨਾਲ ਪੂੜੇ ਬਣਾਉਣ ਦਾ ਵਿਸ਼ੇਸ਼ ਰਿਵਾਜ ਹੁੰਦਾ ਸੀ। ਪਹਿਲੇ ਸਮਿਆਂ ਵਿਚ ਖੇਤੀ ਬਾਰਸ਼ਾਂ 'ਤੇ ਨਿਰਭਰ ਹੋਣ ਕਾਰਨ ਤੇ ਥੋੜ੍ਹੀ ਜ਼ਮੀਨ ਹੀ ਆਬਾਦ ਹੋਣ ਕਾਰਨ ਲੋਕਾਂ ਦਾ ਮਸਾਂ ਗੁਜ਼ਾਰਾ ਹੀ ਹੁੰਦਾ ਸੀ। ਏਸ ਲਈ ਕਈ ਪਰਿਵਾਰਾਂ ਦੀ ਪੂੜੇ ਬਣਾਉਣ ਦੀ ਪੁੱਜਤ/ਸਮਰਥਾ ਵੀ ਨਹੀਂ ਹੁੰਦੀ ਸੀ। ਉਨ੍ਹਾਂ ਘਰਾਂ ਦੀਆਂ ਜਨਾਨੀਆਂ ਦਾ ਸਾਉਣ ਮਹੀਨਾ ਤਾਂ ਫੋਕੀਆਂ ਦਲੀਲਾਂ ਬਣਾਉਣ ਵਿਚ ਹੀ ਲੰਘ ਜਾਂਦਾ ਸੀ-
ਹੋਵੇ ਤੇਲ ਪਕਾਈਏ ਪੂੜੇ,
ਆਟਾ ਗੁਆਂਢੀਆਂ ਤੋਂ ਮੰਗ ਲਿਆਈਏ,
ਮਾਰੀ ਗੁੜ ਨੇ?
ਪੂੜੇ ਤਿੰਨ ਕਿਸਮ ਦੇ ਬਣਦੇ ਹਨ। ਮਿੱਠੇ ਪੂੜੇ, ਲੂਣ ਵਾਲੇ ਪੂੜੇ ਤੇ ਮਾਲ ਪੂੜੇ। ਹੁਣ ਮੈਂ ਤੁਹਾਨੂੰ ਖੀਰ, ਕੜਾਹ ਤੇ ਪੂੜੇ ਬਣਾਉਣ ਦੀ ਵਿਧੀ ਦੱਸਦਾ ਹਾਂ।
ਕੜਾਹ: ਕੜਾਹ ਬਣਾਉਣ ਲਈ ਘਿਉ, ਕਣਕ ਦਾ ਆਟਾ ਤੇ ਗੁੜ ਆਮ ਤੌਰ ਤੇ ਇਕੋ ਜਿੰਨੀ ਮਾਤਰਾ ਵਿਚ ਲਿਆ ਜਾਂਦਾ ਸੀ । ਏਸ ਤਰ੍ਹਾਂ ਤਿੰਨੇ ਵਸਤਾਂ ਇਕੋ ਜਿਹੀਆਂ ਲੈਣ ਕਰਕੇ ਬਣੇ ਕੜਾਹ ਨੂੰ ਤਿੰਨ ਮੇਲ ਦਾ ਕੜਾਹ ਕਹਿੰਦੇ ਸਨ। ਪਹਿਲਾਂ ਗੁੜ ਨੂੰ ਪਾਣੀ ਵਿਚ ਘੋਲ ਕੇ ਉਬਾਲ ਦਿੱਤਾ ਜਾਂਦਾ ਸੀ, ਜਿਸ ਨੂੰ ਚਾਸ ਬਣਾਉਣਾ ਕਹਿੰਦੇ ਸਨ। ਘਿਉ ਨੂੰ ਕੜਾਹੀ ਜਾਂ ਪਤੀਲੇ ਵਿਚ ਗਰਮ ਕਰਕੇ ਉਸ ਵਿਚ ਆਟਾ ਪਾਇਆ ਜਾਂਦਾ ਸੀ । ਜਦ ਆਟਾ ਚੰਗੀ ਤਰ੍ਹਾਂ ਭੁੱਜ ਜਾਂਦਾ ਸੀ, ਫੇਰ ਉਸ ਭੁੱਜੇ ਆਟੇ ਵਿਚ ਚਾਸ ਪਾਈ ਜਾਂਦੀ ਸੀ, ਇਸ ਤਰ੍ਹਾਂ ਕੜਾਹ ਬਣ ਜਾਂਦਾ ਸੀ। ਹੁਣ ਘਰਾਂ ਵਿਚ ਕੜਾਹ ਘੱਟ ਹੀ ਬਣਦਾ ਹੈ। ਹੁਣ ਪ੍ਰਾਹੁਣਿਆਂ ਦੀ ਸੇਵਾ ਕੜਾਹ ਨਾਲ ਨਹੀਂ ਹੁੰਦੀ, ਸਗੋਂ ਸ਼ਰਾਬ ਦੀ ਬੋਤਲ ਤੇ ਮੀਟ ਨਾਲ ਕੀਤੀ ਜਾਂਦੀ ਹੈ। ਵਿਆਹ ਸ਼ਾਦੀਆਂ ਵਿਚ ਹੋਰ ਸਵੀਟ ਡਿਸ਼ਾਂ ਦੇ ਨਾਲ ਕਈ ਵੇਰ ਕੜਾਹ ਵੀ ਰੱਖਿਆ ਜਾਂਦਾ ਹੈ। ਪਰ ਇਹ ਕੜਾਹ ਸੂਜੀ, ਮੂੰਗੀ ਦੇ ਆਟੇ ਨਾਲ ਬਣਾਇਆ ਹੁੰਦਾ ਹੈ, ਜਿਸ ਵਿਚ ਖੋਪਾ, ਦਾਖਾਂ, ਬਾਦਾਮ ਤੇ ਕਾਜੂ ਪਾਏ ਜਾਂਦੇ ਹਨ।
ਖੀਰ: ਦੁੱਧ ਵਾਲੀ ਖੀਰ ਬਣਾਉਣ ਲਈ ਪਹਿਲਾਂ ਚੌਲਾਂ ਨੂੰ ਪਾਣੀ ਵਿਚ ਥੋੜ੍ਹੀ ਦੇਰ ਭਿਉਂ ਕੇ ਰੱਖਿਆ ਜਾਂਦਾ ਹੈ। ਪਤੀਲੇ ਵਿਚ ਦੁੱਧ ਪਾ ਕੇ ਚੁੱਲ੍ਹੇ ਉਪਰ ਰੱਖ ਦਿੱਤਾ ਜਾਂਦਾ ਹੈ। ਜਦ ਦੁੱਧ ਉਬਾਲੀ ਆਉਣ ਦੇ ਨੇੜੇ ਹੁੰਦਾ ਹੈ ਤਾਂ ਪਾਣੀ ਵਿਚੋਂ ਚੌਲ ਕੱਢ ਕੇ ਦੁੱਧ ਵਿਚ ਪਾ ਦਿੱਤੇ ਜਾਂਦੇ ਹਨ। ਮੱਠੀ ਮੱਠੀ ਅੱਗ ਤੇ ਖੀਰ ਬਣਾਈ ਜਾਂਦੀ ਹੈ। ਕਾੜ੍ਹਨੀ ਵਿਚ ਦੁੱਧ ਤੇ ਚੌਲ ਪਾ ਕੇ ਹਾਰੇ ਵਿਚ ਰੱਖ ਕੇ ਵੀ ਖੀਰ ਬਣਾਈ ਜਾਂਦੀ ਸੀ।