

ਖੱਟ ਕੇ ਲਿਆਇਆ ਘਾਹ।
ਨੀ ਮੈਂ ਰਿੰਨ੍ਹਾਂ ਸੇਮੀਆਂ,
ਜੱਟ ਨੂੰ ਚੜ੍ਹ ਗਿਆ ਚਾਅ।

ਪਹਿਲੇ ਸਮਿਆਂ ਵਿਚ ਜਦ ਭਾਈ ਆਪਣੀਆਂ ਭੈਣਾਂ ਨੂੰ ਸਹੁਰੀਂ ਮਿਲਣ ਜਾਂਦੇ ਸਨ ਤਾਂ ਕੋਈ ਨਾ ਕੋਈ ਖਾਣ ਵਾਲੀ ਵਸਤ ਜ਼ਰੂਰ ਲੈ ਕੇ ਜਾਂਦੇ ਸਨ-
ਹੱਥ ਛੱਤਰੀ ਰੁਮਾਲ ਪੱਲੇ ਸੇਮੀਆਂ,
ਭੈਣ ਕੋਲ ਭਾਈ ਚਲਿਆ।
ਪਹਿਲੇ ਸਮਿਆਂ ਵਿਚ ਜਦ ਧੀਆਂ ਆਪਣੇ ਪੇਕਿਆਂ ਤੋਂ ਸਹੁਰੀਂ ਜਾਂਦੀਆਂ ਸਨ ਤਾਂ ਕੋਈ ਨਾ ਕੋਈ ਖਾਣ ਵਾਲੀ ਵਸਤ ਵੀ ਜ਼ਰੂਰ ਨਾਲ ਲੈ ਕੇ ਜਾਂਦੀਆਂ ਸਨ। ਇਨ੍ਹਾਂ ਵਸਤਾਂ ਵਿਚ ਆਮ ਤੌਰ ਤੇ ਪੰਜੀਰੀ ਜਾਂ ਸੇਮੀਆਂ ਹੁੰਦੀਆਂ ਸਨ।
ਨੂੰਹ ਸੱਸ ਦੀ ਸਾਡੇ ਸਮਾਜ ਵਿਚ ਹਮੇਸ਼ਾਂ ਅਣਬਣ ਤੇ ਟਕਰਾ ਰਿਹਾ ਹੈ। ਕਈ ਵੇਰ ਜੇ ਕਿਸੇ ਵਸਤ ਦੇਣ ਤੋਂ ਸੱਸ, ਨੂੰਹ ਨੂੰ ਇਨਕਾਰ ਕਰ ਦਿੰਦੀ ਸੀ ਤਾਂ ਨੂੰਹ ਵੀ ਆਪਣੇ ਮਨ ਵਿਚ ਘਰੋੜ ਰੱਖਦੀ ਸੀ। ਸਮਾਂ ਆਉਣ ਤੇ ਵੱਟਾ ਲਾਹੁੰਦੀ ਸੀ-
ਅਸੀਂ ਪੇਕਿਆਂ ਤੋਂ ਆਂਦੀਆਂ ਸੇਮੀਆਂ,
ਤੁਸੀਂ ਮੰਗਣੀਆਂ, ਅਸੀਂ ਨਹੀਂਓ ਦੇਣੀਆਂ,
ਉਹੋ ਵੱਟਾ ਲਾਹੁਣਾ ਜੀ ।
ਸੇਮੀਆਂ ਕਈ ਢੰਗ ਨਾਲ ਰਿੰਨੀਆਂ ਜਾਂਦੀਆਂ ਸਨ। ਆਮ ਤੌਰ ਤੇ ਗੁੜ ਪਾ ਕੇ ਬਣਾਉਂਦੇ ਸਨ। ਜਿਸ ਨੂੰ ਗਡਾਣੇ ਦੀਆਂ ਸੇਮੀਆ ਕਿਹਾ ਜਾਂਦਾ ਸੀ। ਗਡਾਣੇ ਦੀਆਂ ਸੇਮੀਆਂ ਵਿਚ ਘਿਉ ਪਾ ਕੇ ਖਾਣ ਨਾਲ ਜ਼ੁਕਾਮ ਤੋਂ ਆਰਾਮ ਆ ਜਾਂਦਾ ਸੀ। ਚੀਨੀ, ਖੰਡ ਆਉਣ ਤੇ ਫੇਰ ਚੀਨੀ/ਖੰਡ ਵਾਲੀਆਂ ਸੇਮੀਆਂ ਬਣਨ ਲੱਗੀਆਂ।