

ਬਾਜ਼ਾਰ ਬਣ ਜਾਂਦਾ ਸੀ। ਏਸੇ ਲਈ ਛੋਲਿਆਂ ਦੀ ਫ਼ਸਲ ਦਾ ਪੰਜਾਬ ਵਿਚੋਂ ਖ਼ਤਮ ਹੋਣ ਨਾਲ ਹੋਲਾਂ ਦਾ ਖ਼ਤਮ ਹੋਣਾ ਬਣਦਾ ਹੀ ਸੀ। ਛੋਟੇ ਹੁੰਦੇ ਖੇਡਦੇ ਹੋਏ ਹੋਲਾਂ ਸਬੰਧੀ ਇਕ ਟੋਟਕਾ ਵੀ ਗਾਉਂਦੇ ਹੁੰਦੇ ਸੀ-
ਹੋਲਾਂ ! ਹੋਲਾਂ !! ਤੇਰੀ ਮਾਂ ਗਵਾਚੀ, ਮੈਂ ਕਿਉਂ ਟੋਲ੍ਹਾਂ?

ਪਹਿਲੇ ਸਮਿਆਂ ਵਿਚ ਬਹੁਤ ਸਾਰੀਆਂ ਜ਼ਮੀਨਾਂ ਗ਼ੈਰ ਆਬਾਦ ਸਨ। ਖੇਤੀ ਸਾਰੀ ਉਸ ਸਮੇਂ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਸਾਰੇ ਸਾਲ ਵਿਚ ਇਕ ਜ਼ਮੀਨ ਵਿਚ ਇਕ ਹੀ ਫ਼ਸਲ ਬੀਜੀ ਜਾਂਦੀ ਸੀ । ਵਿਹਲੀਆਂ ਪਈਆਂ ਜ਼ਮੀਨਾਂ ਵਿਚ ਲੋਕ ਪਸ਼ੂ ਚਾਰਦੇ ਰਹਿੰਦੇ ਸਨ। ਪਸ਼ੂ ਚਾਰਦੇ ਚਾਰਦੇ ਹੀ ਖੇਤਾਂ ਵਿਚੋਂ ਛੋਲਿਆਂ ਦੇ ਬੂਟੇ ਪੱਟ ਕੇ, ਘਾਹ ਫੂਸ 'ਕੱਠਾ ਕਰਕੇ ਖੇਤਾਂ ਵਿਚ ਹੀ ਹੋਲਾਂ ਬਣਾ ਲੈਂਦੇ ਸਨ। ਉਥੇ ਹੀ ਖਾ ਲੈਂਦੇ ਸਨ। ਹੋਲਾਂ ਖਾਣ ਨਾਲ ਹੱਥ ਵੀ ਕਾਲੇ ਹੋ ਜਾਂਦੇ ਸਨ ਤੇ ਬੁੱਲ੍ਹ ਵੀ ਕਾਲੇ ਹੋ ਜਾਂਦੇ ਸਨ। ਏਸ ਪ੍ਰਥਾਏ ਲੋਕ ਗੀਤ ਹੈ –
ਕਿਹੜੇ ਯਾਰ ਨੇ ਚਬਾਈਆਂ ਹੋਲਾਂ,
ਬੁੱਲੀਆਂ ਨੂੰ ਸੁਆਹ ਲੱਗ ਗੀ।
ਕਈ ਮੁਟਿਆਰਾਂ ਤਾਂ ਹੋਲਾਂ ਨਾ ਖਵਾਉਣ ਕਰਕੇ ਗੁੱਸੇ ਵੀ ਹੋ ਜਾਂਦੀਆਂ ਸਨ-
ਤੇਰੀ ਕੀ ਨੰਗਾ ਵੇ ਯਾਰੀ?
ਹੋਲਾਂ ਨਾ ਚਬਾਈਆਂ ਭੁੰਨ ਕੇ।
ਹੋਲਾਂ ਸਬੰਧੀ ਇਕ ਹੋਰ ਲੋਕ ਗੀਤ ਹੈ –
ਘੱਲਿਆ ਸੀ ਮੈਂ ਹੋਲਾਂ ਕਰਨ ਨੂੰ,
ਬਾਲ ਲਿਆਇਆ ਦਾੜ੍ਹੀ।
ਭੱਜਿਆ ਜਾਂਦਾ ਸੀ,
ਛੱਜਾਂ ਵਾਲੀ ਦੇ ਵਾਣ੍ਹੀ।