

ਹੁਣ ਮੈਂ ਤੁਹਾਨੂੰ ਭੂਤ ਪਿੰਨੇ ਬਣਾਉਣ ਦਾ ਢੰਗ ਦੱਸਣ ਲੱਗਿਆ ਹਾਂ। ਹਰ ਅਨਾਜ ਦੇ ਭੂਤ ਪਿੰਨੇ ਬਣਾਉਣ ਲਈ ਗੁੜ ਦੀ ਵਰਤੋਂ ਕੀਤੀ ਜਾਂਦੀ ਸੀ। ਗੁੜ ਨੂੰ ਥੋੜ੍ਹਾ ਥੋੜ੍ਹਾ ਤੋੜ ਕੇ ਵਿਚ ਪਾਣੀ ਪਾ ਕੇ ਚੁਲ੍ਹੇ ਉਪਰ ਰੱਖ ਕੇ ਚਾਹਣੀ ਬਣਾਈ ਜਾਂਦੀ ਸੀ। ਮੱਕੀ ਦੇ ਭੂਤ ਪਿੰਨੇ ਬਣਾਉਣ ਲਈ ਸੁੱਕੀ ਮੱਕੀ ਦੇ ਦਾਣਿਆਂ ਨੂੰ ਭੱਠੀ ਤੇ ਭੁਨਾਇਆ ਜਾਦਾ ਸੀ। ਸੁੱਕੀ ਮੱਕੀ ਹੋਣ ਕਰਕੇ ਸਾਰੇ ਦਾਣਿਆਂ ਦੀਆਂ ਖਿਲਾਂ ਬਣ ਜਾਂਦੀਆਂ ਸਨ। ਇਨ੍ਹਾਂ ਤੱਤੀਆਂ ਤੱਤੀਆਂ ਖਿਲਾਂ ਨੂੰ ਗੁੜ ਦੀ ਚਾਹਣੀ ਵਿਚ ਸਿੱਟ ਕੇ ਗੁੜ ਰਲਾ ਲਿਆ ਜਾਂਦਾ ਸੀ। ਫੇਰ ਇਨ੍ਹਾਂ ਗੁੜ ਰਲੀਆਂ ਖਿਲਾਂ ਦੀਆ ਹੱਥਾਂ ਨਾਲ ਛੋਟੀਆਂ ਛੋਟੀਆਂ ਪਿੰਨੀਆਂ ਵੱਟ ਲੈਂਦੇ ਸਨ। ਕਈ ਦਿਨ ਖਾਂਦੇ ਰਹਿੰਦੇ ਸਨ। ਏਸ ਤਰ੍ਹਾਂ ਮੱਕੀ ਦੇ ਭੂਤ ਪਿੰਨੇ ਬਣਦੇ ਸਨ। ਏਸੇ ਵਿਧੀ ਅਨੁਸਾਰ ਜੁਆਰ, ਬਾਜਰਾ ਅਤੇ ਕਣਕ ਦੇ ਭੂਤ ਪਿੰਨੇ ਬਣਾਏ ਜਾਂਦੇ ਸਨ।
ਪਹਿਲੇ ਸਮਿਆਂ ਵਿਚ ਆਮ ਤੌਰ ਤੇ ਦੋ ਟਾਈਮ ਹੀ ਰੋਟੀ ਬਣਦੀ ਸੀ। ਸਵੇਰ ਦੀ ਰੋਟੀ 10 ਕੁ ਵਜੇ ਖਾਧੀ ਜਾਂਦੀ ਸੀ। ਰਾਤ ਦੀ ਰੋਟੀ ਦਿਨ ਖੜੇ ਖਾ ਲੈਂਦੇ ਸਨ। ਦੁਪਹਿਰ ਤੋਂ ਬਾਅਦ ਮੌਸਮ ਅਨੁਸਾਰ ਮੱਕੀ, ਛੋਲਿਆਂ ਦੇ ਦਾਣੇ ਭੱਠੀ ਤੋਂ ਭੁਨਾ ਕੇ ਚੱਬਦੇ ਸਨ ਜਾਂ ਮੱਕੀ, ਜੁਆਰ, ਬਾਜਰਾ, ਕਣਕ ਦੇ ਭੂਤ ਪਿੰਨੇ ਬਣਾ ਕੇ ਖਾ ਲੈਂਦੇ ਸਨ। ਹੁਣ ਪੰਜਾਬ ਵਿਚ ਮੱਕੀ ਤਾਂ ਨਾ ਮਾਤਰ ਹੀ ਹੁੰਦੀ ਸੀ। ਜੁਆਰ ਬਾਜਰਾ ਪੈਦਾ ਹੀ ਨਹੀਂ ਹੁੰਦੇ। ਏਸ ਲਈ ਮੱਕੀ, ਜੁਆਰ, ਬਾਜਰੇ ਦੇ ਭੂਤ ਪਿੰਨੇ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਣਕ ਜ਼ਰੂਰ ਪੰਜਾਬ ਵਿਚ ਬੇਸ਼ੁਮਾਰ ਪੈਦਾ ਹੁੰਦੀ ਹੈ। ਪਰ ਕਣਕ ਦੇ ਭੂਤ ਪਿੰਨੇ ਨਾ ਕੋਈ ਬਣਾਉਂਦਾ ਹੈ ਅਤੇ ਨਾ ਹੀ ਅੱਜ ਦੀ ਪੀੜ੍ਹੀ ਖਾ ਕੇ ਰਾਜੀ ਹੈ। ਭੂਤ ਪਿੰਨੇ ਸਾਡੀ ਅੱਜ ਦੀ ਖੁਰਾਕ ਵਿਚੋਂ ਬਿਲਕੁਲ ਅਲੋਪ ਹੋ ਗਏ ਹਨ।