

ਲੰਮੀ ਰੰਨ ਦਾ ਕੀ ਸਲਾਹੀਏ,
ਜਿਉਂ ਕੋਠੇ ਦੀ ਥੰਮੀ।
ਵੀਹਾਂ ਗਜ਼ਾਂ ਦਾ ਘੱਗਰਾ ਪਾਵੇ,
ਅਜੇ ਵੀ ਅੱਡੀ ਨੰਗੀ।
ਦਾਜ ਵਿਚ ਕਈ ਕਈ ਘੱਗਰੇ ਦਿੱਤੇ ਜਾਂਦੇ ਸਨ। ਰੇਸ਼ਮੀ, ਸਾਟਣ, ਸੰਘਈ, ਸੂਫ, ਸੈਲ ਆਦਿ ਦੇ ਗੋਟੇ ਕਨਾਰੀਆਂ ਵਾਲੇ ਘੱਗਰੇ ਬਣਾਏ ਜਾਂਦੇ ਸਨ। ਆਮ ਵਰਤੋਂ ਲਈ ਕਾਲੀ ਸੂਫ ਦੇ ਘੱਗਰਿਆਂ ਦਾ ਜ਼ਿਆਦਾ ਰਿਵਾਜ ਸੀ। ਜ਼ਿਆਦਾ ਉਮਰ ਵਾਲੀਆਂ ਬੁੜੀਆਂ ਚਿੱਟੇ ਘੱਗਰੇ ਪਹਿਨਦੀਆਂ ਸਨ। ਉਨ੍ਹਾਂ ਸਮਿਆਂ ਵਿਚ ਜ਼ਿਆਦਾ ਸਫ਼ਰ ਪੈਦਲ ਹੀ ਕੀਤਾ ਜਾਂਦਾ ਸੀ। ਕਈ ਨਵੀਆਂ ਵਿਆਹੀਆਂ ਦਾ ਸਹੁਰੇ ਪਿੰਡ ਦੇ ਨੇੜੇ ਪਹੁੰਚਣ ਤੱਕ ਵੀ ਘੱਗਰੇ ਦਾ ਜੱਭ ਪਿਆ ਰਹਿੰਦਾ ਸੀ-
ਤੇਰਾ ਘੱਗਰਾ ਰਾਸ ਨਾ ਆਵੇ,
ਸਹੁਰਿਆਂ ਦਾ ਪਿੰਡ ਆ ਗਿਆ।
ਨਵੀਆਂ ਬਹੂਆਂ ਦੇ ਘੱਗਰਿਆਂ ਵਿਚ ਸਿਲਮੇ ਸਿਤਾਰਿਆਂ ਵਾਲੇ, ਸਤਰੰਗੀ ਪੀਂਘ ਵਰਗੇ, ਰੇਸ਼ਮੀ ਨਾਲੇ ਪਾਏ ਹੁੰਦੇ ਸਨ-
ਢਾਈਏ-ਢਾਈਏ-ਢਾਈਏ,
ਕਿੱਲੇ ਉਤੋਂ ਲਾਹ ਘੱਗਰਾ,
ਵਿਚ ਨਾਲਾ ਰੇਸ਼ਮੀ ਪਾਈਏ।
ਜਿਹੜੀਆਂ ਬਹੂਆਂ ਸਰੀਰ ਪੱਖੋਂ ਕਮਜ਼ੋਰ ਹੁੰਦੀਆਂ ਸਨ, ਘੱਗਰੇ ਭਾਰੇ ਹੁੰਦੇ ਸਨ, ਉਨ੍ਹਾਂ ਨੂੰ ਟਕੋਰ ਵੀ ਲਾਈ ਜਾਂਦੀ ਸੀ –
ਲੱਕ ਪਤਲਾ ਹੁਲਾਰੇ ਖਾਵੇ,
ਘੱਗਰੇ ਦਾ ਭਾਰ ਨਾ ਝੱਲੇ।
ਕਈ ਵੇਰ ਮਾੜੇ ਸਰੀਰ ਵਾਲੀ ਮੇਲੇ ਦੀ ਸ਼ੌਕਣ ਨੂੰ ਸਭ ਤੋਂ ਜ਼ਿਆਦਾ ਔਖਾ ਘੱਗਰਾ ਹੀ ਕਰਦਾ ਹੁੰਦਾ ਸੀ-
ਚੰਨ ਵੇ ਕਿ ਘੱਗਰਾ ਵੀਹ ਗਜ਼ ਦਾ,
ਲੱਕ ਗੋਰੀ ਦਾ ਮਰੋੜੇ ਖਾਵੇ,
ਪੇਸ਼ ਨਾ ਜਾਵੇ,
ਕਿ ਸ਼ੌਕਣ ਮੇਲੇ ਦੀ।
ਜਨਾਨੀਆਂ ਜਦ ਬਾਹਰਲੇ ਪਿੰਡਾਂ ਵਿਚ ਕਿਸੇ ਮਰਨੇ ਦੀ ਮਕਾਣ ਜਾਂਦੀਆਂ ਸਨ, ਉਹ ਆਪਣੇ ਘੱਗਰੇ ਆਪਣੇ ਸਿਰਾਂ 'ਤੇ ਰੱਖ ਕੇ ਲੈ ਜਾਂਦੀਆਂ ਸਨ। ਮਕਾਣ ਵਾਲੇ ਪਿੰਡ ਦੇ ਨਜ਼ਦੀਕ ਪਹੁੰਚ ਕੇ ਪਾ ਲੈਂਦੀਆਂ ਸਨ।