Back ArrowLogo
Info
Profile

ਪਹਿਲੇ ਸਮਿਆਂ ਵਿਚ ਕੁੜੀਆਂ ਨੂੰ ਜੰਮਦਿਆਂ ਮਾਰਨ ਕਾਰਨ ਹਰ ਪਰਿਵਾਰ ਵਿਚ ਕੋਈ ਨਾ ਕੋਈ ਮੁੰਡਾ ਛੜਾ ਰਹਿ ਜਾਂਦਾ ਸੀ। ਛੜੇ ਹੁੰਦੇ ਵੀ ਹੁੱਝਤੀ ਸਨ। ਕਈ ਜਨਾਨੀਆਂ ਵੀ ਛੜਿਆਂ ਮਗਰ ਹੱਥ ਧੋ ਕੇ ਪੈ ਜਾਂਦੀਆਂ ਸਨ। ਉਹ ਛੜਿਆਂ ਨੂੰ ਸਾੜਨ ਲਈ ਕਾਲੇ ਸੂਫ਼ ਦੇ ਘੱਗਰੇ ਦੀ ਮੰਗ ਕਰਦੀਆਂ ਹੁੰਦੀਆਂ ਸਨ –

ਘੱਗਰਾ ਸਵਾ ਦੇ ਕਾਲੀ ਸੂਫ਼ ਦਾ ਵੇ,

ਜਾਵੇ ਘੂਕਦਾ, ਛੜੇ ਦੀ ਹਿੱਕ ਫੂਕਦਾ ਵੇ।

ਘੱਗਰੇ ਵਿਚ ਜੋ ਸਿਲਮੇ ਸਤਾਰੇ ਤੇ ਘੁੰਗਰੂਆਂ ਵਾਲੇ ਨਾਲੇ ਪਾਏ ਹੁੰਦੇ ਸਨ, ਉਹ ਨਾਲੇ ਘੱਗਰੇ ਦੀ ਲੌਣ ਤੱਕ ਲਮਕਦੇ ਹੁੰਦੇ ਸਨ-

ਬੱਲੇ ਬੱਲੇ ਬਈ ਲੋਣ ਮੇਰੇ ਘੱਗਰੇ ਦੀ,

ਧਰਤੀ ਹੂੰਝਦੀ ਜਾਵੇ।

X        X        X

ਨਾਲਾ ਟੰਗ ਲੈ ਘੁੰਗਰੂਆਂ ਵਾਲਾ,

ਨੀ ਟੋਲੀ ਆਉਂਦੀ ਛੜਿਆਂ ਦੀ।

ਪਹਿਲੇ ਪੰਜਾਬ, ਹੁਣ ਦੇ ਹਰਿਆਣੇ ਵਿਚ ਜਨਾਨੀਆਂ ਘੱਗਰੀਆਂ ਪਹਿਨਦੀਆਂ ਸਨ/ਹਨ। ਘੱਗਰੀ ਸਬੰਧੀ ਇਕ ਅਖਾਣ ਹੈ –

ਘੱਗਰੀ ਦਾ ਸਾਕ ਅੱਗੇ,

ਪਗੜੀ ਦਾ ਸਾਕ ਪਿਛੇ।

ਹੁਣ ਪਿੰਡਾਂ ਵਿਚ ਅਤੇ ਸ਼ਹਿਰਾਂ ਵਿਚ ਕੋਈ ਵੀ ਘੱਗਰਾ ਨਹੀਂ ਪਾਉਂਦਾ। ਸਟੇਜ ਤੇ ਗਿੱਧਾ ਪਾਉਂਦੀਆਂ ਕੁੜੀਆਂ ਦੇ ਪਾਏ ਘੱਗਰੇ ਕਦੇ ਨਾ ਕਦੇ ਜ਼ਰੂਰ ਨਜ਼ਰ ਆਉਂਦੇ ਹਨ। ਹੁਣ ਕੁੜੀਆਂ, ਬਹੂਆਂ, ਬੁੜੀਆ ਸਲਵਾਰ ਕਮੀਜ਼ ਹੀ ਪਾਉਂਦੀਆਂ ਹਨ। ਸ਼ਹਿਰਾਂ ਵਿਚ ਤਾਂ ਕੁਝ ਕੁੜੀਆਂ ਸਲਵਾਰ ਦੀ ਥਾਂ ਪੈਂਟਾਂ ਪਾਉਣ ਵੀ ਲਗ ਪਈਆਂ ਹਨ। ਜਿਥੇ ਪਹਿਲਾਂ ਵਿਆਹਾਂ ਤੇ ਬਹੂਆਂ ਭਾਂਤ ਭਾਂਤ ਦੇ ਰੇਸ਼ਮੀ ਘੱਗਰੇ ਪਾਉਂਦੀਆਂ ਹੁੰਦੀਆਂ ਸਨ, ਉਥੇ ਅੱਜ ਕੱਲ ਦੀਆਂ ਬਹੂਆਂ ਸਾੜ੍ਹੀ ਦੀ ਮੰਗ ਕਰਨ ਲੱਗ ਪਈਆਂ ਹਨ –

ਮੈਨੂੰ ਲੈ ਦੇ ਰੇਸ਼ਮੀ ਸਾੜ੍ਹੀ,

ਘੱਗਰੇ ਦਾ ਜੁੱਗ ਬੀਤਿਆ।

ਘੱਗਰੇ ਹੁਣ ਸਿਰਫ਼ ਅਜਾਇਬ ਘਰਾਂ ਵਿਚ ਹੀ ਮਿਲਿਆ ਕਰਨਗੇ। ਸਾਡਾ ਇਹ ਵਿਰਸਾ ਵੀ ਦਿਨੋ ਦਿਨ ਅਲੋਪ ਹੋ ਰਿਹਾ ਹੈ।

0

142 / 361
Previous
Next