

ਜੇਕਰ ਵਹੁਟੀ ਸਰੀਰਕ ਪੱਖੋਂ ਨਾਜ਼ੁਕ ਹੁੰਦੀ ਸੀ, ਕਮਜ਼ੋਰ ਹੁੰਦੀ ਸੀ ਤਾਂ ਉਸ ਨੂੰ ਫੁਲਕਾਰੀ ਵੀ ਭਾਰੀ ਲਗਦੀ ਹੁੰਦੀ ਸੀ:
ਕੱਢਾਂ ਫੁਲਕਾਰੀ ਮਾਹੀ ਵੇ,
ਪਏ ਬਾਂਹ ਨੂੰ ਖੱਲੀ ਢੋਲਾ।
ਫੁਲਕਾਰੀ ਭਾਰੀ ਮਾਹੀ ਵੇ,
ਹੁਣ ਜਾਏ ਨਾ ਝੱਲੀ ਢੋਲਾ।
ਪਹਿਲੇ ਸਮਿਆਂ ਵਿਚ ਰਿਸ਼ਤੇ ਆਮ ਤੌਰ 'ਤੇ ਪੰਡਤ ਜਾਂ ਨਾਈ ਕਰਿਆ ਕਰਦੇ ਸਨ, ਜਿਸ ਕਰਕੇ ਕਈ ਵੇਰ ਨਰੜ ਰਿਸ਼ਤੇ ਵੀ ਬਣ ਜਾਂਦੇ ਸਨ । ਏਸ ਕਰ ਕੇ ਦੰਪਤੀ ਜੀਵਨ ਵਿਚ ਮਨ ਮੁਟਾਵ ਹੁੰਦਾ ਰਹਿੰਦਾ ਸੀ। ਕਈ ਵੇਰ ਫੁਲਕਾਰੀ ਨੂੰ ਰੁੱਸੇ ਕੰਤ ਨੂੰ ਮਨਾਉਣ ਲਈ ਵੀ ਵਰਤਿਆ ਜਾਂਦਾ ਸੀ-
ਕੋਠੇ ਦੀਏ ਕੁੜੀਏ ਨੀ,
ਤੈਨੂੰ ਚੱਕ ਬਨੇਰੇ ਧਰੀਏ।
ਰੁੱਸੇ ਹੋਏ ਮਾਲਕ ਦਾ,
ਕੀ 'ਲਾਜ਼ ਬਣਾਈਏ ਅੜੀਏ?
ਫੁਲਕਾਰੀ ਲਾਹ ਪੈਰਾਂ ਵਿਚ ਧਰੀਏ,
ਇਕ ਵਾਰੀ ਬੋਲੀਂ ਵੇ,
ਫੇਰ ਕਦੇ ਨਾ ਲੜੀਏ।
ਛੋਟਾ ਦਿਉਰ ਹਮੇਸ਼ਾ ਭਰਜਾਈਆਂ ਦਾ ਲਾਡਲਾ ਰਿਹਾ ਹੈ। ਭਰਜਾਈ ਦੇ ਹਰ ਦੁੱਖ ਸੁੱਖ ਦਾ ਸੀਰੀ ਬਣਦਾ ਹੁੰਦਾ ਸੀ। ਜਿਸ ਘਰ ਛੋਟਾ ਦਿਉਰ ਨਹੀਂ ਹੁੰਦਾ ਸੀ, ਉਸ ਭਰਜਾਈ ਨੂੰ ਆਪਣੀ ਫੁਲਕਾਰੀ ਸਾਂਭਣ ਦਾ ਹੀ ਫ਼ਿਕਰ ਲੱਗਿਆ ਰਹਿੰਦਾ ਸੀ-
ਮੇਰੀ ਕੌਣ ਚੁੱਕੂ ਫੁਲਕਾਰੀ?
ਛੋਟੇ ਦਿਉਰ ਬਿਨਾਂ।
ਜਿਸ ਦਾ ਪਤੀ ਪ੍ਰਦੇਸ ਗਿਆ ਹੁੰਦਾ ਸੀ, ਉਹ ਔਖੀ ਹੋਈ ਇੱਥੋਂ ਤਕ ਕਹਿ ਦਿੰਦੀ ਸੀ ਕਿ ਵਿਆਹੀ ਨਾਲੋਂ ਜੇ ਕੁਆਰੀ ਰਹਿੰਦੀ ਤਾਂ ਚੰਗੀ ਸੀ-
ਉੱਤੇ ਫੁਲਕਾਰੀ, ਮੈਂ ਰਹਿੰਦੀ ਕੁਆਰੀ,
ਸੱਸੂ ਪੁੱਤ ਪਰਦੇਸਾਂ ਨੂੰ ਤੋਰਿਆ ਈ।
ਸੱਸ ਦੀ ਔਖੀ ਕੀਤੀ ਕਈ ਵੇਰ ਉਹ ਸਹੁਰੇ ਨੂੰ ਵੀ ਪਲੇਥਣ ਲਾ ਦਿੰਦੀ ਸੀ-
ਸੱਸ ਮੇਰੀ ਦੇ ਮਾਤਾ ਨਿਕਲੀ,