

ਉਸ ਸਮੇਂ ਵੀ ਘੁੰਡ ਕੱਢਿਆ ਜਾਂਦਾ ਸੀ। ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਸ਼ਰੀਕੇ ਵਾਲੇ ਸ਼ਗਨ ਦੇ ਕੇ ਵਹੁਟੀ ਦਾ ਘੁੰਡ ਚੱਕ ਕੇ ਮੂੰਹ ਵੇਖਦੇ ਹੁੰਦੇ ਸਨ। ਵਹੁਟੀ ਗੋਰੀ ਹੈ, ਕਾਲੀ ਹੈ, ਲੰਮੀ ਹੈ, ਮਧਰੀ ਹੈ, ਉਮਰ ਦੀ ਛੋਟੀ ਹੈ, ਬੜੀ ਹੈ, ਨੈਣ ਨਕਸ਼ ਤਿੱਖੇ ਹਨ, ਮਿੱਡੇ ਹਨ, ਦਾ ਪਤਾ ਪਹਿਲੀ ਵੇਰ ਘੁੰਡ ਚੁੱਕਣ ਤੋਂ ਹੀ ਲੱਗਦਾ ਹੁੰਦਾ ਸੀ-
ਨਵੀਂ ਬਹੂ ਮੁਕਲਾਵੇ ਆਈ,
ਬਹਿ ਗਈ ਪੀੜ੍ਹਾ ਡਾਹ ਕੇ।
ਲਹਿੰਗਾ ਜਾਮਣੀ, ਕੁੜਤੀ ਵਰੀ ਦੀ,
ਬਹਿ ਗਈ ਚੌਂਕ ਚੰਦ ਲਾ ਕੇ।
ਪਿੰਡ ਦੀਆਂ ਕੁੜੀਆਂ ਚਾਵਾਂ ਮੱਤੀਆਂ,
ਆਈਆਂ ਹੁੰਮ ਹੁਮਾ ਕੇ।
ਨਵੀਂ ਵਿਆਹੁਲੀ ਦਾ,
ਨਾਂ ਪੁੱਛਣ ਘੁੰਡ ਚੁਕਾ ਕੇ।
ਪਹਿਲੇ ਸਮਿਆਂ ਵਿਚ ਵਿਆਹ ਛੋਟੀ ਉਮਰ ਵਿਚ ਕਰ ਦਿੱਤੇ ਜਾਂਦੇ ਸਨ। ਮੁੰਡੇ ਕੁੜੀ ਦੇ ਜੁਆਨ ਹੋਣ ਤੇ ਮੁਕਲਾਵਾ ਦਿੱਤਾ ਜਾਂਦਾ ਸੀ। ਬਹੂਆਂ ਜਦ ਘਰ ਦੀ ਦੇਹਲੀ ਤੋਂ ਬਾਹਰ ਪੈਰ ਰੱਖਦੀਆਂ ਸਨ ਤਾਂ ਘੁੰਡ ਕੱਢ ਕੇ ਨਿਕਲਦੀਆਂ ਸਨ। ਜਦ ਵਾਪਸ ਘਰ ਅੰਦਰ ਪੈਰ ਰੱਖਦੀਆਂ ਸਨ, ਉਸ ਸਮੇਂ ਹੀ ਘੁੰਡ ਚੁੱਕਦੀਆਂ ਸਨ। ਘੁੰਡ ਕੱਢਣ ਦੀ ਐਨੀ ਤਕੜਾਈ ਹੁੰਦੀ ਸੀ ਕਿ ਸਾਧੂਆਂ ਨੂੰ ਖ਼ੈਰ ਵੀ ਘੁੰਡ ਕੱਢ ਕੇ ਪਾਈ ਜਾਂਦੀ ਸੀ। ਚਾਹੇ ਸਾਧੂਆਂ ਨੂੰ ਉਨ੍ਹਾਂ ਸਮਿਆਂ ਵਿਚ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਜੁਆਨੀ ਦੀ ਸਿਖਰ ਦੁਪਹਿਰ, ਗੋਰਾ ਰੰਗ ਤੇ ਹੁਸਨ ਦੀ ਤਾਬ ਵੇਖ ਕੇ ਕਈ ਕਹਿ ਉਠਦੇ ਸਨ –
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ,
ਘੁੰਡ ਵਿਚ ਕੈਦ ਕੀਤੀਆਂ।
X X X
ਆਰੇ-ਆਰੇ-ਆਰੇ,
ਘੁੰਡ ਵਿਚ ਅੱਗ ਮੱਚਦੀ,
ਚੁੰਨੀ ਸਾੜ ਨਾ ਲਈ ਮੁਟਿਆਰੇ।
ਪਹਿਲੇ ਸਮਿਆਂ ਵਿਚ ਬਹੁਤੀਆਂ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਜਿਸ ਕਰਕੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੁੰਦੀ ਸੀ। ਹਰ ਪਰਿਵਾਰ ਵਿਚ ਕੋਈ ਨਾ ਕੋਈ ਛੜਾ ਰਹਿ ਜਾਂਦਾ ਸੀ। ਛੜਿਆਂ ਦਾ ਘਰ ਤੇ ਸਮਾਜ ਵਿਚ ਬਹੁਤ ਆਦਰ ਸਤਿਕਾਰ ਨਹੀਂ ਹੁੰਦਾ ਸੀ। ਇਸ ਲਈ ਛੜਿਆਂ ਤੋਂ