Back ArrowLogo
Info
Profile

ਬਹੂਆਂ ਘੁੰਡ ਕੱਢ ਕੇ ਰੱਖਦੀਆਂ ਸਨ। ਪਰ ਕਈ ਮਨਚਲੀਆਂ ਤੇ ਸ਼ਰਾਰਤੀ ਬਹੂਆਂ ਛੜਿਆਂ ਵਿਚ ਭੜਥੂ ਪਾਉਣ ਵਾਲੀਆਂ ਵੀ ਹੁੰਦੀਆਂ ਸਨ-

ਘੁੰਡ ਕੱਢਣਾ ਤਵੀਤ ਨੰਗਾ ਰੱਖਣਾ,

ਛੜਿਆਂ ਦੀ ਹਿੱਕ ਲੂਹਣ ਨੂੰ।

ਜਦ ਸਹੁਰਾ, ਜੇਠ ਜਾਂ ਕੋਈ ਬੜੇ ਥਾ ਲਗਦਾ ਰਿਸ਼ਤੇਦਾਰ ਜਾਂ ਬੜੇ ਥਾਂ ਲੱਗਦਾ ਕੋਈ ਹੋਰ ਪੁਰਸ਼ ਘਰ ਅੰਦਰ ਵੜ੍ਹਦਾ ਹੁੰਦਾ ਸੀ ਤਾਂ ਉਹ ਖੰਗੂਰਾ ਮਾਰ ਕੇ ਜਾਂ ਕਿਸੇ ਦਾ ਨਾਂ ਲੈ ਕੇ ਆਪਣੇ ਘਰ ਅੰਦਰ ਦਾਖ਼ਲ ਹੋਣ ਦੀ ਸੂਚਨਾ ਦਿੰਦਾ ਸੀ ਤਾਂ ਜੋ ਬਹੂਆਂ ਘੁੰਡ ਕੱਢ ਸਕਣ। ਜੇਕਰ ਅਗਾਊਂ ਸੂਚਨਾ ਤੋਂ ਬਿਨਾਂ ਕੋਈ ਸਹੁਰਾ ਘਰ ਅੰਦਰ ਆਉਣ ਦਾ ਆਦੀ ਹੁੰਦਾ ਸੀ, ਉਸ ਤੋਂ ਨੂੰਹਾਂ ਬੜੀਆਂ ਔਖੀਆਂ ਰਹਿੰਦੀਆਂ ਸਨ-

ਕੋਰੀ ਕੋਰੀ ਕੂੰਡੀ ਵਿਚ ਮਿਰਚਾਂ ਮੈਂ ਰਗੜਾਂ,

ਸਹੁਰੇ ਦੀ ਅੱਖ ਵਿਚ ਪਾ ਦੇਨੀ ਆਂ,

ਘੁੰਡ ਕੱਢਣੇ ਦੀ ਰੜਕ ਮੁਕਾ ਦੇਨੀ ਆਂ।

ਪਹਿਲੇ ਸਮਿਆਂ ਵਿਚ ਵਿਆਹਾਂ ਜਾਂ ਹੋਰ ਸਮਾਗਮਾਂ ਵਿਚ ਸ਼ਾਮਲ ਹੋਣ ਲਈ, ਤੀਆਂ ਵੇਖਣ ਜਾਣ ਸਮੇਂ ਵੀ ਬਹੂਆਂ ਘੁੰਡ ਕੱਢ ਕੇ ਜਾਂਦੀਆਂ ਸਨ-

ਦੇਹ ਨੀ ਪਤਲੀਏ ਗੇੜਾ,

ਲੰਮਾ ਸਾਰਾ ਘੁੰਡ ਕੱਢ ਕੇ।

ਪੇਕੇ ਘਰ ਵਿਚ ਕੁੜੀਆਂ ਕਈ ਵੇਰ ਚੁੰਨੀਆਂ ਵੀ ਘੱਟ ਲੈਂਦੀਆਂ ਸਨ। ਇਸ ਲਈ ਨਵੀਆਂ ਵਿਆਹੀਆਂ ਕੁੜੀਆਂ ਨੂੰ ਪਹਿਲਾਂ ਪਹਿਲਾਂ ਘੁੰਡ ਕੱਢਣਾ ਬੜਾ ਔਖਾ ਲੱਗਦਾ ਹੁੰਦਾ ਸੀ, ਜਿਸ ਕਰਕੇ ਕਈ ਵੇਰ ਸਹੁਰਾ ਟੋਕ ਟਕਾਈ ਵੀ ਕਰਦਾ ਰਹਿੰਦਾ ਸੀ –

ਪੇਕੀਂ ਮੈਂ ਕਦੇ ਚੁੰਨੀ ਨਾ ਲਈ,

ਸਹੁਰੀਂ ਘੁੰਡ ਕੱਢਣਾ ਪੈਂਦਾ ਨੀ,

ਸਹੁਰਾ ਟੋਕਦਾ ਉਠਦਾ ਬਹਿੰਦਾ ਨੀ।

ਬਹੂਆਂ ਦੀ ਸਾਰੀ ਉਮਰ ਘੁੰਡ ਕੱਢਦਿਆਂ ਹੀ ਲੰਘ ਜਾਂਦੀ ਸੀ। ਹੁਣ ਵਿਦਿਆ ਦੇ ਪਸਾਰ ਕਰਕੇ ਲੜਕੀਆਂ ਦਾ ਪੜ੍ਹਿਆ ਲਿਖਿਆ ਹੋਣ ਕਰਕੇ ਬਹੁਤ ਸਾਰੇ ਤਰਕਹੀਣ ਰਸਮੋਂ ਰਿਵਾਜ ਖ਼ਤਮ ਹੋ ਗਏ ਹਨ। ਹੁਣ ਕੋਈ ਲੜਕੀ ਨਾ ਫੇਰਿਆਂ ਸਮੇਂ ਅਤੇਨਾ ਹੀ ਅਨੰਦ ਕਾਰਜ ਸਮੇਂ ਘੁੰਡ ਕੱਢਦੀ ਹੈ ਅਤੇ ਨਾ ਹੀ ਬਾਅਦ ਵਿਚ ਸਹੁਰੇ ਘਰ ਜਾ ਕੇ ਘੁੰਡ ਕੱਢਦੀ ਹੈ। ਪੰਜਾਬ ਵਿਚੋਂ ਘੁੰਡ ਕੱਢਣ ਦੀ ਰਸਮ ਹੁਣ ਖ਼ਤਮ ਹੋ ਗਈ ਹੈ।

154 / 361
Previous
Next