

ਵਿਆਹੀਆਂ ਕੁੜੀਆਂ ਨੂੰ ਨਾ ਤਾਂ ਉਸ ਸਮੇਂ ਚੰਗਾ ਖਾਣ ਨੂੰ ਦਿੰਦੇ ਸਨ ਅਤੇ ਨਾ ਹੀ ਚੰਗਾ ਪਹਿਨਣ ਨੂੰ ਦਿੰਦੇ ਸਨ। ਗਹਿਣੇ ਪਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ।
ਪੁਰਸ਼ਾਂ ਵਿਚ ਉਸ ਸਮੇਂ ਗਲ ਲਈ ਕੈਂਠਾ, ਤਵੀਤ, ਕੰਨਾਂ ਲਈ ਨੱਤੀਆਂ, ਹੱਥਾਂ ਲਈ ਛਾਪਾਂ ਹੀ ਗਹਿਣੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਕਿਉਂ ਜੋ ਉਸ ਸਮੇਂ ਬਹੁਤੀਆਂ ਜੰਮਦੀਆਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ, ਜਿਸ ਕਰ ਕੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਘੱਟ ਹੁੰਦੀਆਂ ਸਨ। ਤਕਰੀਬਨ ਹਰ ਘਰ ਵਿਚ ਛੜੇ ਰਹਿ ਜਾਂਦੇ ਸਨ। ਵਿਆਹ ਤੋਂ ਕਈ ਕਈ ਸਾਲਾਂ ਬਾਅਦ ਜਦ ਮੁੰਡਾ ਕੁੜੀ ਜੁਆਨ ਹੋ ਜਾਂਦੇ ਸਨ, ਤਾਂ ਮੁਕਲਾਵਾ ਦਿੱਤਾ ਜਾਂਦਾ ਸੀ। ਕਈ ਵੇਰ ਮਾੜੀ ਆਰਥਿਕ ਹਾਲਤ ਵੀ ਮੁਕਲਾਵਾ ਦੇਣ ਵਿਚ ਦੇਰੀ ਦਾ ਕਾਰਨ ਬਣ ਜਾਂਦੀ ਸੀ, ਜਿਸ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਅੱਗੇ ਪਾ ਦਿੱਤਾ ਜਾਂਦਾ ਸੀ-
ਹਾੜੀ ਅਈ ਤੋਂ ਦੇਊਂ ਮੁਕਲਾਵਾ,
ਨੱਤੀਆਂ ਦੀ ਪਹੁੰਚ ਨਹੀਂ।
ਗਹਿਣੇ ਸ਼ੁਰੂ ਤੋਂ ਹੀ ਜਨਾਨੀਆਂ ਦੀ ਧਰੋਹਰ ਰਹੇ ਹਨ। ਤੰਗੀ ਤੁਰਸ਼ੀ ਵੇਲੇ ਇਹ ਗਹਿਣੇ ਹੀ ਕੰਮ ਆਉਂਦੇ ਸਨ। ਪ੍ਰਾਹੁਣੇ ਨੂੰ ਸਹੁਰੇ ਘਰ ਵਲੋਂ ਪਾਈਆਂ ਹੋਈਆਂ ਨੱਤੀਆਂ, ਕੈਂਠੇ ਕਈ ਵੇਰ ਉਸ ਦੇ ਘਰ ਵਾਲੀ ਦਾ ਬੁੱਤਾ ਵੀ ਸਾਰ ਦਿੰਦੇ ਸਨ –
ਆ ਲੈ ਨੱਤੀਆਂ, ਕਰਾ ਲੈ ਪਿੱਪਲ ਪੱਤੀਆਂ,
ਕਿਸੇ ਕੋਲ ਗੱਲ ਨਾ ਕਰੀਂ।
ਪਿੱਪਲ ਪੱਤੀਆਂ ਪਿੱਪਲ ਦੇ ਪੱਤਿਆਂ ਵਰਗਾ ਗਹਿਣਾ ਹੁੰਦਾ ਸੀ। ਕੰਨ ਵਿਚ ਪਾਇਆ ਜਾਂਦਾ ਸੀ। ਬਾਲੀਆਂ ਹੇਠ ਕੁੰਡੇ ਲੱਗੇ ਹੁੰਦੇ ਸਨ। ਇਨ੍ਹਾਂ ਕੁੰਡਿਆਂ ਵਿਚ ਨਿੱਕੀਆਂ ਨਿੱਕੀਆਂ ਪੱਤੀਆਂ ਬਣਾ ਕੇ ਪਾਈਆਂ ਹੁੰਦੀਆਂ ਸਨ। ਮੁਟਿਆਰਾਂ ਦੇ ਥੋੜ੍ਹੇ ਜਿਹੇ ਸਿਰ ਹਿੱਲਣ ਨਾਲ ਹੀ ਪਿੱਪਲ ਪੱਤੀਆਂ ਆਪਸ ਵਿਚ ਵੱਜਦੀਆਂ ਰਹਿੰਦੀਆਂ ਸਨ।
ਉਨ੍ਹਾਂ ਸਮਿਆਂ ਵਿਚ ਵਿਆਹਾਂ, ਸਹੁਰੇ ਘਰ ਜਾਣ ਤੇ ਮੇਲਿਆਂ ਤੇ ਜਾਣ ਸਮੇਂ ਹੀ ਲੋਕ ਸਜ ਧਜ ਕੇ, ਪਹਿਨ ਪਚਰ ਕੇ ਜਾਂਦੇ ਸਨ। ਵਧੀਆ ਕੱਪੜੇ, ਗਲ ਵਿਚ ਕੈਂਠਾ, ਹੱਥਾਂ ਵਿਚ ਛਾਪਾਂ ਪਾਈਆਂ ਹੁੰਦੀਆਂ ਸਨ –
ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ,
ਚੱਲੀਏ ਸ਼ੁਕੀਨੀ ਲਾ।
ਕੰਨ ਵਿਚ ਮੁੰਦਰਾਂ, ਸਿਰ ਤੇ ਸ਼ਮਲਾ,