

ਪਹਿਲੇ ਸਮਿਆਂ ਵਿਚ ਮੰਜੇ ਜੋੜ ਕੇ ਕੋਠੇ 'ਤੇ ਰੱਖੋ ਲਾਊਡ ਸਪੀਕਰ ਤੇ ਇਹ ਗੀਤ ਆਮ ਵੱਜਿਆ ਕਰਦਾ ਸੀ।
ਵਣਜਾਰੇ ਚੂੜੀਆਂ ਵੇਚਣ ਅਤੇ ਚੜਾਉਣ ਦਾ ਕੰਮ ਕਰਿਆ ਕਰਦੇ ਸਨ। ਜੇਕਰ ਪਿੰਡ ਵਿਚ ਵਣਜਾਰੇ ਆਏ ਦਾ ਪਤਾ ਲੱਗ ਜਾਂਦਾ ਸੀ, ਤਾਂ ਭਰਜਾਈ ਆਪਣੀ ਨਣਦ ਦਾ ਮਿੰਨਤ ਤਰਲਾ ਕਰ ਕੇ ਵਣਜਾਰੇ ਨੂੰ ਚੂੜੀਆਂ ਚੜਾਉਣ ਲਈ ਬੁਲਾਉਣ ਲਈ ਭੇਜਦੀ ਹੁੰਦੀ ਸੀ-
ਆਇਆ ਪਿੰਡ ਵਿਚ ਸੁਣੀਂਦਾ ਵਣਜਾਰਾ,
ਨੀ ਸੱਦ ਲਿਆ ਨਣਾਨੇ ਰਾਣੀਏ।
ਵਣਜਾਰੇ ਨੂੰ ਵੀ ਇਕ ਥਾਂ ਬੈਠ ਕੇ ਵੰਗਾਂ ਚੜ੍ਹਾਉਣ ਲਈ ਪ੍ਰੇਰਿਆ ਜਾਂਦਾ ਸੀ-
ਆ ਵਣਜਾਰਿਆ, ਬਹੁ ਵਣਜਾਰਿਆ,
ਕਿਥੇ ਆ ਤੇਰੇ ਘਰ ਵੇ?
ਪਿੰਡ ਦੀਆਂ ਕੁੜੀਆਂ ਕਰ ਲੈ 'ਕੱਠੀਆਂ,
ਕਿਉਂ ਫਿਰਦਾ ਏਂ ਦਰ ਦਰ ਵੇ?
ਚਾੜ੍ਹ ਬਲੌਰੀ ਵੰਗਾਂ ਮੇਰੇ,
ਤੇਰੀ ਝੋਲੀ ਦੇ ਵਿਚ ਪਾ ਦਿਆਂ ਜ਼ਰ ਵੇ।
ਭੀੜੀ ਵੰਗ ਬਚਾ ਕੇ ਚਾੜ੍ਹੀ,
ਮੈਂ ਜਾਊਂਗੀ ਮਰ ਵੇ।
ਕੋਲੇ ਬੋਤਲ ਦੇ,
ਚਾਰ ਚੰਗਿਆੜੇ ਧਰ ਵੇ।
ਨਣਦ ਅਤੇ ਭਰਜਾਈ ਦਾ ਬੜਾ ਨੇੜਲਾ ਰਿਸ਼ਤਾ ਹੁੰਦਾ ਸੀ। ਕਈ ਵੇਰ ਉਹ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਲਈ ਆਪਣੀ ਭਰਜਾਈ ਦਾ ਸਹਾਰਾ ਵੀ ਲੈਂਦੀ ਹੁੰਦੀ ਸੀ-
ਭਾਬੀਏ ਚੜ੍ਹਾ ਦੇ ਚੂੜੀਆਂ,
ਆਇਆ ਗਲੀ ਵਿਚ ਇਕ ਵਣਜਾਰਾ।
ਹਰ ਕੱਪੜਾ, ਹਰ ਗਹਿਣਾ, ਹਰ ਕਿਸਮ ਦੇ ਰੰਗ ਰੂਪ ਤੇ ਕੱਦ ਕਾਠ ਤੇ ਨਹੀਂ ਸਜਦਾ ਹੁੰਦਾ। ਤੀਲੀ ਤਿੱਖੇ ਨੱਕ ਤੇ ਸਜਦੀ ਸੀ। ਚੂੜੀਆਂ ਲਈ ਗੋਰੀਆਂ ਬਾਹਾਂ ਚਾਹੀਦੀਆਂ ਹੁੰਦੀਆਂ ਸਨ –
ਚੂੜੀਆਂ ਗੋਰੀਆਂ ਬਾਹਾਂ ਦਾ ਗਹਿਣਾ,
ਤੀਲੀ ਸਜੇ ਤਿੱਖੇ ਨੱਕ ਨੂੰ।