Back ArrowLogo
Info
Profile

ਉਨ੍ਹਾਂ ਸਮਿਆਂ ਵਿਚ ਗਹਿਣੇ ਤੇ ਚੂੜੀਆਂ ਹੀ ਮੁਟਿਆਰ ਦਾ ਸ਼ਿੰਗਾਰ ਹੁੰਦੇ ਸਨ-

ਗਹਿਣਿਆਂ ਬਾਝ ਨਾ ਸੌਂਹਦੀਆਂ ਨਾਰਾਂ,

ਚੂੜੀਆਂ ਬਾਝ ਕਲਾਈਆਂ।

ਉਨ੍ਹਾਂ ਸਮਿਆਂ ਵਿਚ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਹੁੰਦਾ ਸੀ। ਜਦ ਕੁੜੀਆਂ ਜੁਆਨ ਹੋ ਜਾਂਦੀਆਂ ਸਨ, ਉਸ ਸਮੇਂ ਮੁਕਲਾਵਾ ਦਿੱਤਾ ਜਾਂਦਾ ਸੀ। ਮੁਕਲਾਵੇ ਵੇਲੇ ਕੁੜੀ ਆਪਣੀ ਮਾਂ ਤੋਂ ਚੂੜੀਆਂ ਚੜਾਉਣ ਦੀ ਨਿਮਾਣੀ ਜਿਹੀ ਮੰਗ ਕਰਦੀਆਂ ਹੁੰਦੀਆਂ ਸਨ-

ਚੂੜੀਆਂ ਚੜ੍ਹਾ ਦੇ ਰੰਗਲੀ,

ਮੈਂ ਅੱਜ ਮੁਕਲਾਵੇ ਜਾਣਾ।

ਉਨ੍ਹਾਂ ਸਮਿਆਂ ਵਿਚ ਚਾਹੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਹੁੰਦੀ ਸੀ, ਪਰ ਹਰ ਘਰ ਵਿਚ ਦੁੱਧ ਆਮ ਹੁੰਦਾ ਸੀ। ਲੋਕ ਦੁੱਧ, ਮੱਖਣ, ਘੀ, ਦਹੀਂ ਰੱਜ ਕੇ ਖਾਂਦੇ ਸਨ। ਅੱਧ ਰਿੜਕ, ਤਿਉੜ, ਲੱਸੀ ਪੀਂਦੇ ਸਨ। ਦੁੱਧ ਉਨ੍ਹਾ ਸਮਿਆਂ ਵਿਚ ਹੱਥੀਂ ਰਿੜਕਿਆ ਜਾਂਦਾ ਸੀ। ਪਹਿਰ ਦੇ ਤੜਕੇ ਉਠ ਕੇ ਜਦ ਨਵੀਂ ਬਹੂ ਚੂੜੀਆਂ ਵਾਲੀਆਂ ਬਾਹਾਂ ਨਾਲ ਦੁੱਧ ਰਿੜਕਦੀ ਹੁੰਦੀ ਸੀ ਤਾਂ ਛਣਕਦੀਆਂ ਚੂੜੀਆਂ ਕਿਸੇ ਰਾਗ ਦਾ ਭੁਲੇਖਾ ਵੀ ਪਾਉਂਦੀਆਂ ਹੁੰਦੀਆਂ ਸਨ। ਕਈ ਵੇਰ ਇਹ ਚੂੜੀਆਂ ਉਸ ਦੇ ਮਾਹੀ ਦੀ ਨੀਂਦ ਖ਼ਰਾਬ ਕਰਨ ਦਾ ਕਾਰਨ ਵੀ ਬਣ ਜਾਂਦੀਆਂ ਸਨ –

ਨਵੀਂ ਬਹੂ ਦੁੱਧ ਰਿੜਕੇ,

ਉੱਠ ਕੇ ਪਹਿਰ ਦੇ ਤੜਕੇ।

ਚੂੜੀਆਂ ਨੇ ਰਾਗ ਛੇੜ ਲਿਆ,

ਮੇਰੇ ਨੀਂਦ ਅੱਖਾਂ ਵਿਚ ਰੜਕੇ।

ਉਨ੍ਹਾਂ ਸਮਿਆਂ ਵਿਚ ਲੈ ਦੇ ਕੇ ਚੂੜੀਆਂ ਹੀ ਇਕ ਬਾਹਾਂ ਦਾ ਸ਼ਿੰਗਾਰ ਹੁੰਦੀਆਂ ਸਨ। ਕਈਆਂ ਕੋਲ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਆਪਣੀ ਵਹੁਟੀ ਦੀ ਚੂੜੀਆਂ ਦੀ ਮੰਗ ਵੀ ਵੇਲੇ ਸਿਰ ਪੂਰੀ ਨਹੀਂ ਕੀਤੀ ਜਾ ਸਕਦੀ ਹੁੰਦੀ ਸੀ। ਏਸ ਲਈ ਜਦ ਕਦੇ ਉਸ ਦੇ ਮਾਹੀ ਕੋਲ ਪੈਸੇ ਹੁੰਦੇ ਸਨ, ਉਹ ਆਪਣੀ ਚੂੜੀਆਂ ਚੜਾਉਣ ਦੀ ਮੰਗ ਕਰਦੀ ਹੁੰਦੀ ਸੀ-

ਤੇਰੀ ਜੇਬ 'ਚੋਂ ਖੜਕਦੇ ਪੈਸੇ,

ਹੱਥਾਂ ਨੂੰ ਚੜ੍ਹਾ ਦੇ ਚੂੜੀਆਂ।

ਉਨ੍ਹਾਂ ਸਮਿਆਂ ਵਿਚ ਚਾਂਦੀ ਦੇ ਰੁਪੈ ਹੁੰਦੇ ਸਨ, ਜਿਨ੍ਹਾਂ ਦਾ ਜੇਬ ਵਿਚ ਹੋਇਆ ਦਾ ਖੜਕਾ ਹੋਣ ਕਰ ਕੇ ਪਤਾ ਲੱਗ ਜਾਂਦਾ ਸੀ।

160 / 361
Previous
Next