

ਚਾਦਰੇ
ਕਪੜੇ ਦੀ ਈਜਾਦ ਹੋਣ ਤੇ ਮਨੁਖੀ ਵਸੋਂ ਨੇ ਆਪਣੇ ਸਰੀਰ ਨੂੰ ਕਪੜੇ ਨਾਲ ਢਕਣਾ ਸ਼ੁਰੂ ਕੀਤਾ। ਸ਼ੁਰੂ ਸ਼ੁਰੂ ਵਿਚ ਗੁਪਤ ਅੰਗਾਂ ਨੂੰ ਕਪੜੇ ਦੀ ਲੰਗੋਟੀ ਨਾਲ ਕੱਜਿਆ ਜਾਂਦਾ ਸੀ। ਆਮ ਆਦਮੀ ਦਾ ਪਹਿਰਾਵਾ ਲੰਗੋਟੀ ਹੋਣ ਕਰ ਕੇ ਮਹਾਤਮਾ ਗਾਂਧੀ ਨੇ ਲੰਗੋਟੀ ਨੂੰ ਹੀ ਅਪਨਾਇਆ ਸੀ। ਉਸ ਸਮੇਂ ਦਾ ਗਾਂਧੀ ਜੀ ਬਾਰੇ ਲੋਕ ਗੀਤ ਹੈ –
ਤੇਰੇ ਲੱਕ ਤੇ ਕਪੀਨ ਮੋਢੇ ਭੂਰੀ,
ਤੇ ਖੂੰਡੀ ਵਾਲਾ ਮਾਹੀ ਹਿੰਦ ਦਾ।
ਹੱਥ ਸੋਟੀ ਤੇ ਤੇੜ ਲੰਗੋਟੀ,
ਉਹ ਸੀ ਸਈਓ, ਬਾਪੂ ਹਿੰਦ ਦਾ।

ਲੰਗੋਟੀ ਤੋਂ ਪਿਛੋਂ ਸਰੀਰ ਦੇ ਸਾਰੇ ਅੰਗਾਂ ਤੇ ਕਪੜੇ ਪਹਿਨੇ ਜਾਣ ਲੱਗੇ। ਲੱਕ ਤੋਂ ਹੇਠਾਂ ਫੇਰ ਲੂੰਗੀ/ਧੋਤੀ/ਚਾਦਰੇ ਪਹਿਨਣ ਦਾ ਰਿਵਾਜ ਚੱਲਿਆ। ਪਹਿਲੇ ਸਮਿਆਂ ਦੇ ਚੋਬਰਾਂ ਦੀ ਚੰਗੀ ਸਿਹਤ ਹੋਣ ਕਰਕੇ ਚਾਦਰੇ ਜਚਦੇ ਵੀ ਬੜੇ ਹੁੰਦੇ ਸਨ –
ਚਿੱਟੇ ਚਾਦਰੇ, ਕੁੰਢੀਆਂ ਮੁੱਛਾਂ,
ਮੋਢੇ ਡਾਂਗ ਉਲਾਰੀ।
ਜ਼ੋਰ ਜੁਆਨੀ ਦਾ,
ਕਰਦੇ ਖੂਬ ਖੁਆਰੀ।
X X X