

ਚਿੱਟਾ ਚਾਦਰਾ, ਕੁੱਕੜ ਖਾਣਾ,
ਓਸ ਜੱਟ ਦਾ ਨਹੀਂ ਟਿਕਾਣਾ।
ਪਹਿਲੇ ਸਮਿਆਂ ਵਿਚ ਖੇਤੀ ਸਾਰੀ ਬਾਰਸ਼ਾਂ ਤੇ ਨਿਰਭਰ ਹੋਣ ਕਾਰਨ ਮਸਾਂ ਖਾਣ ਜੋਗੇ ਹੀ ਦਾਣੇ ਪੈਦਾ ਹੁੰਦੇ ਸਨ। ਇਸ ਲਈ ਜਿਹੜੇ ਪਰਿਵਾਰਾਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਸੀ, ਉਨ੍ਹਾਂ ਦੇ ਗੱਭਰੂਆਂ ਬਾਰੇ ਕਿਹਾ ਜਾਂਦਾ ਸੀ-
ਚਿੱਟੇ ਚਾਦਰੇ ਲੜਾਂ ਤੋਂ ਖਾਲੀ,
ਬਹੁਤੇ ਗਭਰੂਆਂ ਦੇ।
X X X
ਹੁਣ ਦੇ ਗੱਭਰੂਆਂ ਦੇ,
ਚਿੱਟੇ ਚਾਦਰੇ ਜ਼ਮੀਨਾਂ ਗਹਿਣੇ।
X X X
ਚਾਰੇ ਲੜ ਚਾਦਰੇ ਦੇ ਖਾਲੀ,
ਮੈਨੂੰ ਕਹਿੰਦਾ ਖਾ ਲੈ ਰਿਉੜੀਆਂ।
ਅਜੇਹੇ ਖਰਚ ਕਰਨ ਵਾਲੇ ਤੇ ਵਿਹਲੇ ਰਹਿਣ ਵਾਲੇ ਜੱਟ ਨੂੰ ਤਾੜਨਾ ਕੀਤੀ ਜਾਂਦੀ ਸੀ ਕਿ ਖ਼ਰਚ ਆਪਣੀ ਆਮਦਨ ਨੂੰ ਮੁੱਖ ਰੱਖ ਕੇ ਕਰੋ। ਆਪਣੀ ਕਬੀਲਦਾਰੀ ਨੂੰ ਸਮਝੋ। ਏਸੇ ਕਰ ਕੇ ਭੈਣਾਂ ਆਪਣੇ ਵੀਰਾਂ ਨੂੰ ਕਬੀਲਦਾਰੀ ਦਾ ਵਾਸਤਾ ਪਾ ਕੇ ਖ਼ਰਚ ਘਟਾਉਣ, ਵਿਹਲੇ ਰਹਿ ਕੇ ਸ਼ੁਕੀਨੀਆਂ ਲਾਉਣ, ਚਾਦਰੇ ਪਾਉਣ ਤੋਂ ਰੋਕਦੀਆਂ ਹੁਦੀਆਂ ਸਨ-
ਮੇਰਿਆ ਵੱਡਿਆ ਕਬੀਲਦਾਰਾ ਵੀਰਨਾ,
ਸਿੱਟਵਾ ਨਾ ਪਾਈਂ ਚਾਦਰਾ।
ਸਿੱਟਵਾਂ ਚਾਦਰਾ ਉਸ ਚਾਦਰੇ ਨੂੰ ਕਹਿੰਦੇ ਸਨ, ਜਿਹੜਾ ਅੱਡੀਆਂ ਤੋਂ ਹੇਠਾਂ ਤੱਕ ਪਾਇਆ ਜਾਂਦਾ ਸੀ। ਸਿੱਟਵੇਂ ਚਾਦਰੇ ਦਾ ਹੇਠਲਾ ਹਿੱਸਾ ਗਲੀ/ਬੀਹੀ ਦੀ ਮਿੱਟੀ ਨਾਲ ਲਿਬੜ ਜਾਂਦਾ ਸੀ। ਸਿੱਟਵੇਂ ਚਾਦਰੇ ਪਾਉਣ ਵਾਲੇ ਨੂੰ ਸਮਾਜ, ਭਾਈਚਾਰੇ ਵਿਚ ਵੀ ਚੰਗੀਆਂ ਨਜ਼ਰਾਂ ਨਾਲ ਨਹੀਂ ਵੇਖਿਆ ਜਾਂਦਾ ਸੀ।
ਚਾਦਰਾ ਤੇੜ, ਲੱਕ ਦੁਆਲੇ ਪਹਿਨਿਆਂ ਜਾਂਦਾ ਸੀ। ਪਰ ਕਈ ਵੇਰ ਇਹ ਥੋੜ੍ਹੀ ਸਰਦੀ ਸਮੇਂ ਉੱਤੇ ਲੈਣ ਅਤੇ ਧੁੱਪ ਤੋਂ ਬਚਣ ਲਈ ਵੀ ਉੱਤੇ ਲੈਣ ਦੇ ਕੰਮ ਆ ਜਾਂਦਾ ਸੀ-
ਸੁਣ ਨੀ ਕੁੜੀਏ ਨੱਚਣ ਵਾਲੀਏ,
ਨੱਚਦੀ ਬੰਨ੍ਹ ਕੇ ਘੇਰਾ।
ਧੁੱਪ ਵਿਚ ਤੂੰ ਨੱਚੇ ਕੁੜੀਏ,
ਸੜੇ ਕਾਲਜਾ ਮੇਰਾ।