

ਦੇ ਡੀਜ਼ਾਈਨ ਪਾਏ ਜਾਂਦੇ ਸਨ। ਕਰੋਸ਼ੀਏ ਨਾਲ ਵੀ ਰੁਮਾਲ ਬੁਣੇ ਜਾਂਦੇ ਸਨ। ਕਰੋਸ਼ੀਏ ਨਾਲ ਬੁਣੇ ਹੋਏ ਰੁਮਾਲ ਆਮ ਤੌਰ 'ਤੇ ਥਾਲਾਂ ਨੂੰ ਢਕਣ ਲਈ ਹੀ ਵਰਤੇ ਜਾਂਦੇ ਸਨ। ਕਰੋਸ਼ੀਏ ਵਾਲੇ ਛੋਟੇ ਰੁਮਾਲ ਤੇ ਦੁਸਰੇ ਛੋਟੇ ਰੁਮਾਲ ਛੋਟੇ ਬੱਚਿਆਂ ਦੇ ਜੂੜਿਆਂ ਉਪਰ ਬੰਨ੍ਹਣ ਦਾ ਰਿਵਾਜ ਵੀ ਸੀ। ਹੱਥ ਨਾਲ ਕੱਢੇ ਰੁਮਾਲਾਂ ਨੂੰ ਪਿਆਰ ਦੀ ਨਿਸ਼ਾਨੀ ਵਜੋਂ ਵੀ ਵਰਤਿਆ ਜਾਂਦਾ ਸੀ –
ਹੱਥੀਂ ਕੱਢ ਕੇ ਰੁਮਾਲ ਨਿਸ਼ਾਨੀ,
ਨੀ ਦੇ ਜਾਹ ਮਿੱਤਰਾਂ ਨੂੰ।
ਰੁਮਾਲ ਦੀ ਕਢਾਈ ਦੇ ਨਾਲ ਨਾਲ ਕਈ ਮੁਟਿਆਰਾਂ ਆਪਣੇ ਪਤੀ/ਪ੍ਰੇਮੀ ਦਾ ਨਾਂ ਵੀ ਰੁਮਾਲਾਂ ਤੇ ਕੱਢਦੀਆਂ ਹੁੰਦੀਆਂ ਸਨ –
ਨੀ ਮੈਂ ਕੱਢਦੀ ਰੁਮਾਲ ਉਤੇ ਬੂਟੀਆਂ,
ਸੱਜਣਾਂ ਦਾ ਨਾਂ ਲਿਖਦੀ।
X X X
ਸਾਨੂੰ ਦੇ ਕੇ ਰੁਮਾਲ ਨਿਸ਼ਾਨੀ,
ਆਪ ਬਹਿ ਗਈ ਡੋਲੀ ਚੜ੍ਹ ਕੇ।
ਹਰ ਨਵੀਂ ਵਿਆਹੀ ਵਹੁਟੀ ਦੀ ਇੱਛਾ ਹੁੰਦੀ ਸੀ ਕਿ ਉਸ ਦਾ ਪਤੀ ਵੱਧ ਤੋਂ ਵੱਧ ਸਮੇਂ ਉਸ ਦੇ ਨੇੜੇ ਰਹੇ। ਜਿਸ ਦਾ ਪਤੀ ਨੌਕਰੀ ਕਾਰਨ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਸੀ, ਉਸ ਸੱਜ-ਵਿਆਹੀ ਨੂੰ ਦਿਨ ਦਾ ਵਿਛੋੜਾ ਹੀ ਸਤਾਉਂਦਾ ਰਹਿੰਦਾ ਸੀ। ਇਸ ਲਈ ਵਿਹਲ, ਇਕੱਲਾਪਨ ਉਸ ਦੇ ਪਤੀ ਦੇ ਵਿਛੋੜੇ ਨੂੰ ਹੋਰ ਦੁਖਦਾਈ ਬਣਾ ਦਿੰਦਾ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਕਈ ਵੇਰ ਨਵੀਂ ਵਹੁਟੀ ਆਪਣੀ ਸੱਸ/ਮਾਂ ਨੂੰ ਕਿਸੇ ਲਈ ਰੁਮਾਲ ਕੱਢਣ ਵਾਸਤੇ ਹੀ ਪੁੱਛ ਲੈਂਦੀ ਸੀ-
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ,
ਮੇਰਾ ਤਾਂ ਮੰਦੜਾ ਹਾਲ ਮਾਏ ਮੇਰੀਏ,
ਦੱਸ ਕੀਹਦਾ ਕੱਢਾਂ ਮੈਂ ਰੁਮਾਲ ਮਾਏ ਮੇਰੀਏ?
ਪਹਿਲੇ ਸਮਿਆਂ ਵਿਚ ਮੰਗਣੇ, ਵਿਆਹ ਸਮੇਂ ਜੋ ਥਾਲਾਂ ਵਿਚ ਮਠਿਆਈ, ਸੁੱਕੇ ਮੇਵੇ ਜਾਂ ਕੋਈ ਹੋਰ ਵਸਤ ਪਾਈ ਹੁੰਦੀ ਸੀ, ਉਨ੍ਹਾਂ ਥਾਲਾਂ ਨੂੰ ਬੂਟੀਆਂ ਵਾਲੇ ਰੇਸ਼ਮੀ ਰੁਮਾਲਾਂ ਨਾਲ ਢਕਿਆ ਜਾਂਦਾ ਸੀ-
ਥਾਲ ਉਤੇ ਰੁਮਾਲ ਵੇ ਅੜਿਆ,
ਥਾਲ ਉੱਤੇ ਰੁਮਾਲ ਚੀਰੇ ਵਾਲਿਆ।
ਵਿਚ ਚੰਬੇ ਦੀਆਂ ਵੇ ਡਲੀਆਂ,
ਇਹ ਖਿੜਿਆ ਗੁਲਜ਼ਾਰ ਵੇ ਅੜਿਆ।