

ਤਿਉਹਾਰ ਤੇ ਰਸਮਾਂ
ਤੀਆਂ
ਤੀਆਂ ਕੁੜੀਆਂ ਦਾ ਮੁੱਖ ਤਿਉਹਾਰ ਹੁੰਦਾ ਸੀ। ਸਾਉਣ ਮਹੀਨੇ ਦੀ ਤੀਜ ਨੂੰ ਤੀਆਂ ਸ਼ੁਰੂ ਹੁੰਦੀਆਂ ਸਨ । ਤੀਆਂ ਖ਼ੁਸ਼ੀਆਂ ਦਾ ਤਿਉਹਾਰ ਹੁੰਦਾ ਸੀ। ਏਸੇ ਕਰ ਕੇ ਜਿਸ ਪਰਿਵਾਰ ਦੀਆਂ ਬਹੂ ਬੇਟੀਆਂ, ਮਰਦਾਂ ਦਾ ਸੋਹਣਾ, ਖ਼ੁਸ਼ੀਆਂ ਭਰਿਆ ਜੀਵਨ ਬਤੀਤ ਹੋ ਰਿਹਾ ਹੁੰਦਾ ਸੀ ਤਾਂ ਉਹ ਕਹਿੰਦੇ ਹੁੰਦੇ ਸਨ ਕਿ 'ਤੀਆਂ ਵਰਗੇ ਦਿਨ ਲੰਘ ਰਹੇ ਹਨ। ਕੁਆਰੀਆਂ ਕੁੜੀਆਂ ਤਾਂ ਪਹਿਲਾਂ ਹੀ ਮਾਪਿਆਂ ਦੇ ਘਰ ਹੁੰਦੀਆਂ ਸਨ। ਵਿਆਹੀਆਂ ਹੋਈਆਂ ਕੁੜੀਆਂ ਨੂੰ ਉਨ੍ਹਾਂ ਦੇ ਵੀਰ ਸਹੁਰਿਆਂ ਤੋਂ ਲਿਆਉਣ ਲਈ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਜਾਣ ਆਉਣ ਦੇ ਸਾਧਨ ਬਹੁਤੇ ਵਿਕਸਿਤ ਨਹੀਂ ਸਨ। ਇਸ ਲਈ ਭੈਣਾਂ ਪਹਿਲਾਂ ਹੀ ਆਪਣੇ ਵੀਰਾਂ ਨੂੰ ਤੀਆਂ ਤੇ ਲਿਆਉਣ ਲਈ ਚਿਤਾਵਨੀਆਂ ਦਿੰਦੀਆਂ ਰਹਿੰਦੀਆਂ ਸਨ-
ਭਾਵੇਂ ਦੇਈਂ ਨਾ ਸੇਰ ਸੰਧਾਰਾ,
ਤੀਆਂ, ਗੁੱਗੇ ਸੱਦੀਂ ਵੀਰਨਾ।

ਪਹਿਲੇ ਸਮਿਆਂ ਵਿਚ ਪੰਡਤਾਂ ਦੇ ਵਹਿਮ-ਭਰਮ ਬਹੁਤ ਪਾਏ ਹੁੰਦੇ ਸਨ। ਨਵੀਆਂ ਵਿਆਹੀਆਂ ਨੂੰਹਾਂ ਤੇ ਸੱਸਾਂ ਦਾ ਸਾਉਣ ਮਹੀਨੇ 'ਕੱਠਾ ਰਹਿਣਾ ਮਾੜਾ, ਕਰੋਪੀ ਵਾਲਾ ਮਹੀਨਾ ਗਿਣਿਆ ਜਾਂਦਾ ਸੀ। ਏਸ ਲਈ ਵਿਆਹ ਤੋਂ ਪਿਛੋਂ ਪਹਿਲਾ ਸਾਉਣ ਮਹੀਨਾ ਪੇਕੇ ਘਰ ਕੱਟਣ ਦਾ ਵੀ ਇਕ ਰਿਵਾਜ ਸੀ। ਕਈਆਂ ਨੂੰ ਤੀਆਂ ਕਰ ਕੇ ਹੀ ਸਹੁਰਿਆਂ ਤੋਂ ਛੁੱਟੀ ਮਿਲਦੀ ਹੁੰਦੀ ਸੀ-