

ਖਾ ਗਿਆ ਹੱਡਾਂ ਨੂੰ ਝੋਰਾ।
ਕੰਤ ਨਿਆਣਾ ਹੈ, ਘਰ ਵਿਚ ਉਸ ਦੀ ਨਹੀਂ ਚਲਦੀ। ਘਰ ਵਿਚ ਜੇਠ ਤੇ ਜੇਠਾਣੀ ਦੀ ਚਲਦੀ ਹੈ। ਸਰਦਾਰੀ ਜੇਠਾਣੀ ਦੀ ਹੈ ਤੇ ਕਾਰੋਬਾਰ ਸਾਰਾ ਦਰਾਣੀ ਕਰਦੀ ਹੈ –
ਪਹਿਲੀ ਵਾਰ ਮੈਂ ਆਈ ਸਹੁਰੇ,
ਬਣ ਗਈ ਸਭ ਤੋਂ ਨਿਮਾਣੀ।
ਦੁੱਧ ਵਾਧ ਮੈਂ ਸਾਰਾ ਸਾਂਭਦੀ,
ਨਾਲੇ ਭਰਦੀ ਪਾਣੀ।
ਦਿਨ ਚੜ੍ਹ ਜਾਏ ਮੈਨੂੰ ਜਾਗ ਨਾ ਆਏ,
ਮਾਰੇ ਬੋਲ ਜਠਾਣੀ।
ਉਠ ਕੇ ਕੰਮ ਕਰ ਲੈ,
ਪਈ ਆ ਮੂੰਗੀਆ ਤਾਣੀ।
ਕੋਈ ਕੁੜੀ ਆਪਣੀ ਕੁਪੱਤੀ ਸੱਸ ਦੀ ਭੜਾਸ ਬੋਲੀਆਂ ਰਾਹੀਂ ਕੱਢਦੀ ਸੀ। ਕੋਈ ਸਿਪਾਹੀ ਨੂੰ ਛੁੱਟੀ ਨਾ ਮਿਲਣ ਦਾ ਝੋਰਾ ਕਰਦੀ ਸੀ। ਕੋਈ ਦੂਰ ਗਏ ਮਾਹੀ ਦੇ ਦੁੱਖ ਇਨ੍ਹਾਂ ਬੋਲੀਆਂ ਰਾਹੀਂ ਰੋਂਦੀ ਸੀ। ਜਿਹੜੀਆਂ ਕੁੜੀਆਂ ਬੋਲੀ ਪਾਉਣ ਤੇ ਗਿੱਧੇ ਵਿਚ ਨੱਚਣ ਤੋਂ ਟਾਲ ਮਟੋਲ ਕਰਦੀਆਂ ਸਨ, ਉਨ੍ਹਾਂ ਨੂੰ ਵੀ ਟਕੋਰਾਂ ਲਾਈਆਂ ਜਾਂਦੀਆਂ ਸਨ-
ਕੁੜੀਆਂ ਚਿੜੀਆਂ ਹੋਈਆਂ ਕੱਠੀਆਂ,
ਸਭ ਤੋਂ ਚੜ੍ਹਦੀ ਨੂਰੀ।
ਆਪੋ ਵਿਚ ਦੀ ਗੱਲਾਂ ਕਰਦੀਆਂ,
ਹੁੰਦੀਆਂ ਘੂਰਮ ਘੂਰੀ।
ਉਮਰੀ ਬਾਝ ਗਿੱਧਾ ਨਹੀਂ ਪੈਂਦਾ,
ਆਊ ਤਾਂ ਪੈ ਜਾਊ ਪੂਰੀ।
ਰਾਣੀ ਕੁੜੀ ਨੂੰ ਸੱਦਾ ਭੇਜੋ,
ਜਿਹੜੀ ਨਿੱਤ ਮਲਦੀ ਕਸਤੂਰੀ।
ਪੰਜ ਸੇਰ ਮੱਠੀਆਂ ਖਾ ਗਈ ਹੁਕਮੀ,
ਕਰੇ ਨਾ ਸਬਰ ਸਬੂਰੀ।
ਬਾਂਦਰ ਵਾਂਗ ਟਪਦੀ ਮਾਲਣ,
ਖਾਣ ਨੂੰ ਮੰਗਦੀ ਚੂਰੀ।
ਲੱਛੀ ਆਈ ਨਹੀਂ,
ਨਾ ਪੈਂਦੀ ਗਿੱਧੇ ਵਿਚ ਪੂਰੀ।