

ਪਹਿਲੇ ਸਮਿਆਂ ਵਿਚ ਬਹੁਤੀਆਂ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਮਾਰਨ ਤੋਂ ਬਾਅਦ ਕੁੜੀਆਂ ਦੇ ਮੂੰਹ ਵਿਚ ਗੁੜ ਦੀ ਰੋੜੀ, ਹੱਥ ਵਿਚ ਪੂਣੀ ਤੇ ਘੜੇ ਵਿਚ ਰੂੰ ਰੱਖ ਕੇ ਦੱਬ ਦਿੱਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ-
ਗੁੜ ਖਾਵੀਂ, ਪੂਣੀ ਕੱਤੀ,
ਆਪ ਨਾ ਆਈਂ,
ਵੀਰੇ ਨੂੰ ਘੱਤੀਂ।
ਕੁੜੀ ਜੰਮਣ ਤੇ ਘਰ ਵਿਚ ਸੋਗ ਪੈ ਜਾਂਦਾ ਸੀ। 'ਪੱਥਰ ਜੰਮ ਪਿਆ' ਕਿਹਾ ਜਾਂਦਾ ਸੀ। ਉਥੇ ਭੈਣ ਆਪਣੇ ਵੀਰ ਦੇ ਪੁੱਤਰ ਹੋਣ ਲਈ ਸੁੱਖਣਾ ਸੁਖਦੀਆਂ ਹੁੰਦੀਆਂ ਸਨ –
ਵੀਰਾ ਤੇਰੀ ਜੜ੍ਹ ਲੱਗ ਜੇ,
ਵੇ ਮੈਂ ਨਿੱਤ ਬਰ੍ਹਮੇਂ ਜਲ ਪਾਵਾਂ।
ਬਰਮਾ ਪਿੱਪਲ ਦੇ ਦਰਖ਼ਤ ਨੂੰ ਕਹਿੰਦੇ ਹਨ, ਜੋ ਪਵਿੱਤਰ ਮੰਨਿਆ ਗਿਆ ਹੈ। ਜਿਹੜਾ ਕੋਈ ਸੁੱਖ ਸੁੱਖ ਕੇ ਕਿਸੇ ਮਿਥੇ ਸਮੇਂ ਤੱਕ ਇਸ ਦੀਆਂ ਜੜ੍ਹਾਂ ਵਿਚ ਹਰ ਰੋਜ਼ ਪਾਣੀ ਪਾਵੇ, ਉਸ ਦੀ ਮੁਰਾਦ ਪੂਰੀ ਹੋ ਜਾਂਦੀ ਸੀ। ਇਹ ਧਾਰਨਾ ਮੰਨੀ ਜਾਂਦੀ ਸੀ। ਮੁੰਡਾ ਜੰਮਣ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਸਨ। ਪੁੰਨ-ਦਾਨ ਕੀਤਾ ਜਾਂਦਾ ਸੀ-
ਬਾਪੂ ਮੱਝੀਆਂ ਦੇ ਸੰਗਲ ਫੜਾਏ,
ਵੀਰ ਘਰ ਪੁੱਤ ਜੰਮਿਆ।
ਮੁੰਡਾ ਜੰਮਣ ਤੇ ਲੋਹੜੀ ਮਨਾਈ ਜਾਂਦੀ ਸੀ। ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਹੁੰਦਾ ਹੈ। ਲੋਹੜੀ ਵੰਡਣ ਲਈ ਲੜਕੇ ਦੀਆਂ ਭੈਣਾਂ, ਭੂਆਂ, ਚਾਚੀਆਂ, ਤਾਈਆਂ ਨਵੇਂ ਨਵੇਂ ਸੂਟ ਪਾ ਕੇ ਪਿੰਡ ਵਿਚ ਹਫ਼ਤਾ ਹਫ਼ਤਾ ਪਹਿਲਾਂ ਗੁੜ ਵੰਡਣਾ ਸ਼ੁਰੂ ਕਰ ਦਿੰਦੀਆਂ ਸਨ । ਸਾਰੇ ਪਿੰਡ ਵਿਚ ਗੁੜ ਵੰਡਣ ਲਈ ਕਈ ਕਈ ਦਿਨ ਲੱਗ ਜਾਂਦੇ ਸਨ।
ਲੋਹੜੀ ਤੇ ਸਾਰੇ ਰਿਸ਼ਤੇਦਾਰ, ਸਾਕ ਸਬੰਧੀ ਆਉਂਦੇ ਸਨ। ਲੋਹੜੀ ਘਰ ਵਿਚ ਬਾਲੀ ਜਾਂਦੀ ਸੀ। ਘਰ ਵਾਲੇ, ਸਾਰੇ ਰਿਸ਼ਤੇਦਾਰ, ਆਂਢ ਗੁਆਂਢ ਸਕੇ ਬੈਠ ਕੇ ਲੋਹੜੀ ਸੇਕਦੇ ਸਨ। ਗੁੜ, ਰਿਓੜੀਆਂ, ਮੱਕੀ ਦੇ ਦਾਣੇ, ਮੂੰਗਫਲੀ ਆਦਿ ਵੰਡੇ ਜਾਂਦੇ ਸਨ। ਲੋਹੜੀ ਮੰਗਣ ਵਾਲਿਆਂ ਨੂੰ ਵੀ ਦਿੱਤੀ ਜਾਂਦੀ ਸੀ। ਲੋਹੜੀ ਮੰਗਣ ਵਾਲਿਆਂ ਨਾਲ ਗਲੀਆਂ ਭਰੀਆਂ ਪਈਆਂ ਹੁੰਦੀਆਂ ਸਨ। ਲਾਗੀ ਤੱਥੀ ਸਾਰੇ ਹੀ ਲੋਹੜੀ ਮੰਗਣ ਵਾਲਿਆਂ ਵਿਚ ਸ਼ਾਮਲ ਹੁੰਦੇ ਸਨ। ਮੁੰਡੇ ਦੇ ਬਾਪੂ ਤੇ ਮਾਂ ਤੋਂ ਲੋਹੜੀ ਮੰਗਣ ਵੇਲੇ ਗੀਤ ਗਾਏ ਜਾਂਦੇ ਸਨ -