

ਜਨਾਨੀਆਂ ਅਤੇ ਸ਼ਰੀਕੇ ਵਾਲੀਆਂ ਪੀਹਦੀਆਂ ਹੁੰਦੀਆਂ ਸਨ। ਦਾਲਾਂ ਸਬਜ਼ੀਆਂ ਲਈ ਮਸਾਲੇ ਕੁੱਟੇ ਜਾਂਦੇ ਸਨ। ਵੜੀਆਂ ਬਣਾਈਆਂ ਜਾਂਦੀਆਂ ਹਨ। ਮੁੰਡੇ ਕੁੜੀ ਲਈ ਵਟਣਾ ਵੀ ਚੱਕੀ ਤੋਂ ਪੀਹ ਕੇ ਤਿਆਰ ਕੀਤਾ ਜਾਂਦਾ ਸੀ।
ਵਿਆਹ ਤੋਂ ਪੰਦਰਾਂ ਕੁ ਦਿਨ ਪਹਿਲਾਂ ਸਾਰੇ ਰਿਸ਼ਤੇਦਾਰਾਂ ਨੂੰ ਨਾਈ ਵਿਆਹ ਦੇ ਦਿਨ ਦੀ ਇਤਲਾਹ ਕਰਨ ਜਾਂਦਾ ਸੀ, ਜਿਸ ਨੂੰ ਗੰਢਾਂ ਦੇਣਾ ਕਹਿੰਦੇ ਸਨ। ਕੁੜੀ/ਮੁੰਡੇ ਦੀ ਮਾਂ ਆਪਣੇ ਪੇਕੀਂ ਵਿਆਹ ਦੀ ਗੰਢ ਦੇਣ ਲਈ ਗੁੜ ਦੀ ਭੇਲੀ ਆਪ ਲੈ ਕੇ ਜਾਂਦੀ ਸੀ। ਕੁੜੀਆਂ ਦੀਆਂ ਮਾਵਾਂ ਤਾਂ ਕੁੜੀ ਜੰਮਣ ਤੇ ਹੀ ਦਾਜ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਸਨ। ਕੁੜੀ ਬੜੀ ਹੋ ਕੇ ਆਪਣੀ ਮਾਂ, ਚਾਚੀਆਂ, ਭੂਆ, ਭੈਣਾਂ ਨਾਲ ਦਰੀਆਂ ਬੁਣਦੀਆਂ ਸਨ। ਚਤਹੀਆਂ, ਖੇਸ, ਦੁਪੱਟਿਆਂ ਲਈ ਸੂਤ ਕੱਤਦੀਆਂ ਸਨ। ਫੁਲਕਾਰੀ, ਵਿਛਾਈਆਂ, ਸਰਾਹਣੇ, ਝੋਲੇ, ਰੁਮਾਲ ਕੱਢਦੀਆਂ ਸਨ।
ਕੁੜੀ ਲਈ ਬਰੀ, ਪ੍ਰਾਹੁਣੇ ਲਈ ਕਪੜੇ, ਘਰ ਵਾਲਿਆਂ ਲਈ ਅਤੇ ਦੇਣ ਲੈਣ ਕਰਨ ਵਾਲੇ ਕਪੜੇ ਖਰੀਦਣ, ਖੰਡ, ਘਿਉ ਖਰੀਦਣ ਵਾਸਤੇ ਗੱਡਾ ਜੋੜ ਕੇ ਸ਼ਹਿਰ ਜਾਂਦੇ ਸਨ। ਦਰਜੀ ਨੂੰ ਘਰ ਬਿਠਾ ਕੇ ਬਰੀ ਦੇ ਸੂਟ, ਮੁੰਡੇ ਅਤੇ ਘਰ ਵਾਲਿਆਂ ਲਈ ਕਪੜੇ ਸਿਲਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਖੇਤੀ ਬਾਰਸ਼ਾਂ 'ਤੇ ਨਿਰਭਰ ਹੋਣ ਕਰ ਕੇ ਲੋਕਾਂ ਦੀ ਆਮਦਨ ਥੋੜ੍ਹੀ ਹੁੰਦੀ ਸੀ। ਇਸ ਲਈ ਵਿਆਹਾਂ ਵਿਚ ਰਿਸ਼ਤੇਦਾਰ ਅਤੇ ਸ਼ਰੀਕੇ ਵਾਲੇ ਆਪਣੀ ਆਪਣੀ ਵਿਤ ਅਨੁਸਾਰ ਮੱਦਦ ਕਰਦੇ ਸਨ। ਕੁੜੀ ਨੂੰ ਸੂਟ ਦਿੰਦੇ ਸਨ। ਨਾਨਕੇ ਕੁੜੀ ਲਈ ਸੂਟਾਂ ਦੇ ਨਾਲ ਕੋਈ ਨਾ ਕੋਈ ਟੂਮ ਵੀ ਪਾਉਂਦੇ ਸਨ।
ਵਿਆਹ ਤੋਂ ਹਫ਼ਤਾ ਕੁ ਪਹਿਲਾਂ ਹਲਵਾਈ ਲੱਡੂ, ਪਕੌੜੇ, ਪਕੌੜੀਆਂ, ਸ਼ੱਕਰਪਾਰੇ ਬਣਾਉਣ ਲਈ ਕੜਾਹੀ ਚੜਾਉਂਦਾ ਸੀ। ਬੁਰਾ ਕੁੱਟਦਾ ਸੀ। ਹਫ਼ਤਾ ਕੁ ਪਹਿਲਾਂ ਸ਼ਰੀਕੇ ਵਾਲੇ, ਜਿਨ੍ਹਾਂ ਨੂੰ ਸਕਿਆਂ ਦੇ ਘਰ ਵੀ ਕਹਿੰਦੇ ਸਨ, ਘਿਉ, ਆਟੇ ਅਤੇ ਗੁੜ ਦੀਆਂ ਮਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਸਨ। ਮਾਈਆਂ ਨਾਲ ਕਾਫ਼ੀ ਸਾਰਾ ਘਿਉ, ਗੁੜ, ਆਟਾ 'ਕੱਠਾ ਹੋ ਜਾਂਦਾ ਸੀ। ਵਿਆਹ ਤੋਂ ਪੰਜ ਦਿਨ ਪਹਿਲਾਂ ਕੁੜੀ ਵਾਲੇ ਮੁੰਡੇ ਦੀ ਮਾਂ ਨੂੰ (ਹੋਣ ਵਾਲੀ ਸੱਸ) ਰੋਪਣਾ ਭੇਜਦੇ ਸਨ। ਰੋਪਣਾ ਵਿਚ ਆਮ ਤੌਰ 'ਤੇ ਸੱਸ ਲਈ ਕਈ ਸੂਟ, ਕੋਈ ਗਹਿਣਾ, ਜੁੱਤੀ ਅਤੇ ਕੋਈ ਵਰਤਣ ਵਾਲਾ ਭਾਂਡਾ ਚੋਲਾਂ ਦਾ ਭਰ ਕੇ ਭੇਜਿਆ ਜਾਂਦਾ ਸੀ। ਰੋਪਣਾ ਪਾਉਣ ਸਮੇਂ ਗੀਤ ਗਾਏ ਜਾਂਦੇ ਸਨ-
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿਚੋਂ ਮਹਿੰਦੀ।