

ਰਿਉੜੀਆਂ, ਪਤਾਸੇ, ਮਖਾਣੇ, ਖੰਡ ਦੇ ਖਿਡੌਣੇ, ਪਕੌੜੀਆਂ ਜਾਗੋ ਵਾਲਿਆਂ ਨੂੰ ਵੰਡ ਦਿੰਦੇ ਸਨ ਜਾਂ ਜਾਗੋ ਵਾਲੀਆਂ ਧੱਕੇ ਨਾਲ ਚੱਕ ਲੈਂਦੀਆਂ ਸਨ। ਕੋਈ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ।
ਜਾਗੋ ਜਦ ਗੇੜਾ ਕੱਢ ਕੇ ਘਰ ਆ ਜਾਂਦੀ ਸੀ ਤਾਂ ਨਾਨਕੀਆਂ ਛੱਜ ਕੁੱਟਦੀਆਂ ਸਨ। ਛੱਜ ਕੁੱਟਣ ਲਈ ਘੁੰਗਰੂਆਂ ਵਾਲਾ ਡੰਡਾ ਵਰਤਿਆ ਜਾਂਦਾ ਸੀ। ਗੀਤ ਵੀ ਗਾਉਂਦੀਆਂ ਸਨ। ਨੱਚਦੀਆਂ ਵੀ ਸਨ। ਗਿੱਧਾ ਵੀ ਨਾਲ ਦੇ ਨਾਲ ਪਾਉਂਦੀਆਂ ਸਨ।
ਟੌਹਰੇ ਬਾਝ ਨਾ ਸੋਂਹਦਾ ਗਭਰੂ,
ਕਾਠੀ ਬਾਝ ਨਾ ਬੋਤੀ।
ਪੱਤਾਂ ਬਾਝ ਨਾ ਸੋਂਹਦੀ ਮੱਛਲੀ,
ਤੁੰਗਲਾਂ ਬਾਝ ਨਾ ਮੋਤੀ।
ਮਣਕਿਆਂ ਬਾਝ ਨਾ ਸੋਹਦੇ ਮੂੰਗੇ,
ਅਸਾਂ ਐਵੇਂ ਈ ਲੜੀ ਪਰੋਤੀ।
ਇਹਨੇ ਕੀ ਨੱਚਣਾ,
ਇਹ ਤਾਂ ਕੌਲੇ ਕੋਲ ਖਲੋਤੀ।
ਬੋਲੀ ਖ਼ਤਮ ਹੋਣ ਤੇ ਨਾਨਕੀਆਂ ਦਾ ਛੱਜ 'ਤੇ ਡੰਡਾ ਤੇ ਡੰਡਾ ਚਲਦਾ। ਫੇਰ ਕੋਈ ਦੂਜੀ ਬੋਲੀ ਸ਼ੁਰੂ ਕਰ ਲੈਂਦੀ-
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ,
ਭਿੱਜ ਗਿਆ ਗੈਬੀ ਤੋਤਾ।
ਮੇਲਣ ਇਉਂ ਨੱਚਦੀ,
ਜਿਵੇਂ ਟਪਦਾ ਸੜਕ ਤੇ ਬੋਤਾ।
ਖੁਲ੍ਹ ਕੇ ਨੱਚ ਲੈ ਨੀ,
ਹਾਣੋ ਹਾਣ ਖਲੋਤਾ।
ਜੇਕਰ ਫੇਰ ਵੀ ਨੱਚਣ ਵਾਲੀਆਂ ਢਿੱਲ ਮੱਠ ਕਰਦੀਆਂ ਸਨ ਤਾਂ ਉਨ੍ਹਾਂ ਨੂੰ ਟਕੋਰ ਲਾਈ ਜਾਂਦੀ ਸੀ-
ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਫੀਤਾ।
ਏਹਨੇ ਕੀ ਨੱਚਣਾ,
ਜੀਹਨੇ ਦੁੱਧ ਬੱਕਰੀ ਦਾ ਪੀਤਾ।
ਫੇਰ ਛੱਜ ਦਾ ਕੁੱਟ ਕੁੱਟ ਕੇ ਤੀਲਾ ਤੀਲਾ ਕਰ ਦਿੱਤਾ ਜਾਂਦਾ ਸੀ। ਏਸੇ ਤਰ੍ਹਾਂ ਕੁੜੀ ਦੀ ਡੋਲੀ ਭੇਜਣ ਤੋਂ ਬਾਅਦ ਦੀ ਰਾਤ ਨੂੰ ਕੁੜੀ ਦੀਆਂ