Back ArrowLogo
Info
Profile

ਪਹਿਲੇ ਸਮਿਆਂ ਵਿਚ ਬਹੁਤ ਕਿਸਮ ਦੇ ਵਰਤ ਰੱਖੇ ਜਾਂਦੇ ਸਨ। ਕਰੂਏ ਦੇ ਵਰਤ ਰੱਖਣ ਦਾ ਬਹੁਤ ਰਿਵਾਜ ਹੁੰਦਾ ਸੀ । ਵਿਆਹੀਆਂ ਹੋਈਆਂ ਕੁੜੀਆ ਨੂੰ ਕਰੂਏ ਦੇ ਵਰਤਾਂ ਲਈ ਵੀਰ ਗੱਡੀ ਜੋੜ ਕੇ ਲੈਣ ਜਾਂਦੇ ਸਨ –

ਗੱਡੀ ਜੋੜ ਕੇ ਆਈਂ ਵੇ ਵੀਰਾ,

ਕਰੂਏ ਦੇ ਵਰਤਾਂ ਨੂੰ।

ਜੋ ਕਰ ਕਿਸੇ ਕਬੀਲਦਾਰੀ ਦੇ ਕੰਮ ਧੰਦੇ ਵਿਚ ਫਸਿਆ ਹੋਇਆ ਵੀਰ ਕਰੂਏ ਦੇ ਵਰਤਾਂ ਨੂੰ ਭੈਣ ਨੂੰ ਲਿਆਉਣ ਤੋਂ ਖੁੰਜ ਜਾਂਦਾ ਸੀ, ਬਾਅਦ ਵਿਚ ਭੈਣ ਕੋਲ ਜਾਂਦਾ ਸੀ ਤਾਂ ਉਸ ਨੂੰ ਭੈਣ ਦੇ ਤੱਤੇ ਬੋਲ ਸੁਣਨੇ ਪੈਂਦੇ ਸਨ –

ਕਾਹਨੂੰ ਆਇਆ ਵੇ ਬੇਸ਼ਰਮਾ ਵੀਰਾ,

ਕਰੂਏ ਦੇ ਵਰਤ ਗਏ।

ਕਰੂਏ ਦੇ ਵਰਤ ਪਤੀ ਦੇਵ ਦੀ ਚੰਗੀ ਸਿਹਤ ਲਈ ਤੇ ਚਿਰ ਜਿਉਣ ਦੀ ਕਾਮਨਾ ਕਰਨ ਲਈ ਰੱਖੇ ਜਾਂਦੇ ਸਨ। ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਤਾਰਿਆਂ ਦੀ ਛਾਵੇਂ ਮਿੱਠੀਆਂ ਰੋਟੀਆਂ/ਚੂਰੀ ਖਾ ਕੇ ਵਰਤ ਸ਼ੁਰੂ ਕੀਤਾ ਜਾਂਦਾ ਸੀ । ਫੇਰ ਸਾਰਾ ਦਿਨ ਕੁਝ ਨਹੀਂ ਖਾਣਾ ਹੁੰਦਾ ਸੀ । ਸ਼ਾਮ ਨੂੰ ਬ੍ਰਾਹਮਣ ਤੋਂ ਵਰਤ ਸਬੰਧੀ ਕਥਾ ਸੁਣਨ ਜਾਂਦੀਆਂ ਸਨ। ਕਥਾ ਸੁਣਨ ਤੋਂ ਬਿਨਾ ਇਹ ਵਰਤ ਅਧੂਰਾ ਮੰਨਿਆ ਜਾਂਦਾ ਸੀ। ਚੰਦ ਚੜ੍ਹੇ ਤੋਂ ਖਾਣ ਪੀਣ ਕਰਦੀਆਂ ਸਨ।

ਭਲਾ ਜੇ ਵਰਤ ਰੱਖਣ ਨਾਲ ਹੀ ਪਤੀਆਂ ਦੀ ਸਿਹਤ ਚੰਗੀ ਰਹਿਣ ਲੱਗ ਜਾਵੇ, ਉਮਰਾਂ ਲੰਮੀਆਂ ਹੋ ਜਾਣ, ਫੇਰ ਤਾਂ ਇਹ ਕੰਮ ਹੀ ਬੜਾ ਸੌਖਾ ਹੈ। ਨਾ ਡਾਕਟਰਾਂ ਨੂੰ ਫੀਸ ਦੇਣੀ ਪਵੇ, ਨਾ ਦਵਾਈਆਂ ਖਾਣੀਆਂ ਪੈਣ, ਨਾ ਹਸਪਤਾਲਾਂ ਵਿਚ ਦਾਖਲ ਹੋਣਾ ਪਵੇ। ਵਰਤ ਰੱਖੋ ਪਤੀ ਦੇਵ ਨੌਂ ਵਰ ਨੇਂ। ਪੰਜਾਬ ਵਿਚ ਜਦ ਸਿੰਘ ਸਭਾ ਲਹਿਰ ਚੱਲੀ, ਉਸ ਨਾਲ ਪਿੰਡਾਂ ਵਿਚੋਂ ਬਹੁਤ ਸਾਰੇ ਅਜਿਹੇ ਵਰਤ ਰੱਖਣੇ ਬੰਦ ਹੋ ਗਏ –

ਮੈਨੂੰ ਵਰਤ ਰੱਖਣ ਨਾ ਦੇਵੇ,

ਮਾਹੀ ਮੇਰਾ ਸਿੰਘ ਸਭੀਆ।

ਪਰ ਅੱਜ ਤਰਕਸ਼ੀਲਤਾ ਦਾ ਯੁੱਗ ਹੈ। ਵਿਦਿਆ ਦਾ ਜ਼ਮਾਨਾ ਹੈ। ਸਾਇੰਸ ਕਿਥੇ ਤੋਂ ਕਿੱਥੇ ਪਹੁੰਚ ਗਈ ਹੈ। ਲੋਕ ਹੁਣ ਅੰਧ ਵਿਸ਼ਵਾਸ ਦੇ ਘੇਰੇ ਵਿਚੋਂ ਬਾਹਰ ਨਿਕਲ ਰਹੇ ਹਨ। ਪਿੰਡਾਂ ਵਿਚ ਹੁਣ ਕੋਈ ਵੀ ਕਰੂਏ ਦੇ ਵਰਤ ਨਹੀਂ ਰੱਖਦਾ। ਹਿੰਦੂਆਂ ਦੇ ਘਰਾਂ ਵਿਚ ਅਜੇ ਵੀ ਇਹ ਵਰਤ ਰੱਖਣ ਦਾ ਰਿਵਾਜ ਚੱਲ ਰਿਹਾ ਹੈ। ਪਰ ਉਥੇ ਵੀ ਹੁਣ ਇਹ ਦਿਨੋ ਦਿਨ ਘਟ ਰਿਹਾ ਹੈ।

211 / 361
Previous
Next