

ਬਰੂੜਾਂ ਨਾਲ ਮੱਥਾ ਟੇਕਿਆ ਜਾਂਦਾ ਸੀ। ਮੱਥਾ ਟੇਕਣ ਵੇਲੇ ਕਿਹਾ ਜਾਂਦਾ ਸੀ-
ਮਾਤਾ ਰਾਣੀਏ,
ਗੁਲਗੁਲੇ ਖਾਣੀਏ,
ਬਾਲ ਬੱਚਾ ਰਾਜੀ ਰੱਖਣਾ।
ਰਾਤ ਦੇ ਪੱਕੇ ਹੋਏ ਪਕਵਾਨ ਗੁਲਗਲੇ, ਮੱਠੀਆਂ, ਚੌਲ, ਕੜਾਹ ਆਦਿ ਸੀਤਲਾ ਮਾਤਾ ਦੇ ਵਾਹਨ ਗਧੇ ਨੂੰ ਚੜ੍ਹਾਏ ਜਾਂਦੇ ਸਨ। ਮੌਕੇ ਤੇ ਬੈਠੇ ਮਰਾਸੀਆਂ ਨੂੰ ਦਿੱਤੇ ਜਾਂਦੇ ਸਨ। ਹਾਜ਼ਰ ਗ਼ਰੀਬ ਗੁਰਬਿਆਂ ਨੂੰ ਵੰਡੇ ਜਾਂਦੇ ਸਨ।
ਏਸ ਤਿਉਹਾਰ ਨੂੰ ਬਾਸੀਅੜਾ ਏਸ ਕਰ ਕੇ ਵੀ ਕਹਿੰਦੇ ਸਨ ਕਿਉਂ ਜੋ ਇਹ ਪੂਜਾ ਦਾ ਸਮਾਨ ਪਹਿਲੀ ਸ਼ਾਮ ਨੂੰ ਬਣਾਇਆ ਜਾਂਦਾ ਸੀ, ਅਗਲੇ ਦਿਨ ਮੱਥਾ ਟੇਕਣ ਤੋਂ ਪਿਛੋਂ ਖਾਧਾ ਜਾਂਦਾ ਸੀ । ਏਸ ਤਰ੍ਹਾਂ ਇਹ ਪਕਵਾਨ ਬਾਸੀ, ਬੇਹਾ ਹੋ ਜਾਂਦਾ ਸੀ। ਏਸ ਕਰ ਕੇ ਹੀ ਸ਼ਾਇਦ ਇਸ ਨੂੰ ਬਾਸੀਅੜਾ ਕਹਿੰਦੇ ਸਨ।
ਹੁਣ ਵਿਦਿਆ ਅਤੇ ਮੈਡੀਕਲ ਵਿਦਿਆ ਦਾ ਪਸਾਰ ਹੋਣ ਕਰਕੇ ਇਹ ਤਿਉਹਾਰ ਅਤੇ ਇਹੋ ਜਿਹੇ ਹੋਰ ਬਹੁਤ ਸਾਰੇ ਅੰਧ ਵਿਸ਼ਵਾਸਾਂ ਵਾਲੇ ਤੇ ਤਰਕਹੀਣ ਤਿਉਹਾਰ ਲੋਕਾਂ ਵਲੋਂ ਮਨਾਉਣੇ ਘੱਟਦੇ ਜਾ ਰਹੇ ਹਨ।
0
ਸਾਂਝੀ ਮਾਈ
ਜਦ ਮੰਨੂ ਨੇ ਸ਼੍ਰੇਣੀ ਵੰਡ ਕੀਤੀ ਸੀ, ਉਸ ਸਮੇਂ ਜਿਹੜਾ ਇਨਸਾਨ ਜਿਹੜਾ ਕੰਮ ਕਰਦਾ ਸੀ, ਉਸ ਕੰਮ ਨੂੰ ਮੁੱਖ ਰੱਖ ਕੇ ਹੀ ਉਸ ਨੂੰ ਉਸ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਸੀ। ਉਸ ਸ਼੍ਰੇਣੀ ਵੰਡ ਅਨੁਸਾਰ ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ ਪੰਡਤਾਂ ਦਾ ਕੰਮ ਮਿਥਿਆ ਗਿਆ ਸੀ। ਹੌਲੀ ਹੌਲੀ ਫੇਰ ਇਹ ਕੰਮ ਦੀ ਵੰਡ ਜਨਮ ਤੋਂ ਹੀ ਨਿਰਧਾਰਤ ਹੋਣ ਲੱਗ ਪਈ। ਜਿਹੜਾ ਪੰਡਤਾਂ ਦੇ ਘਰ ਜੰਮਦਾ ਸੀ ਉਹ ਪੰਡਤ ਬਣ ਜਾਂਦਾ ਸੀ, ਜਿਹੜਾ ਸੂਦਰਾਂ ਦੇ ਘਰ ਜੰਮਦਾ ਸੀ, ਉਹ ਸ਼ੂਦਰ ਬਣ ਜਾਂਦਾ ਸੀ।
