

ਮੁੱਢਲੀ ਗੱਲ
ਦੋ ਢਾਈ ਮਹੀਨੇ ਪਹਿਲਾਂ ਜਦ ਡਾ. ਬਿਕਰਮ ਸਿੰਘ ਘੁੰਮਣ ਦੇ ਹਵਾਲੇ ਨਾਲ ਹਰਕੇਸ਼ ਸਿੰਘ ਕਹਿਲ ਨਾਲ ਮੁਲਾਕਾਤ ਹੋਈ ਤਾਂ ਲੱਗਾ ਕਿ ਇਹ ਜਾਣਿਆ ਪਛਾਣਿਆ ਨਾਂ ਹੈ। ਅਸਲ ਵਿਚ ਮੈਂ ਉਨ੍ਹਾਂ ਦੇ ਪੰਜਾਬ ਦੇ ਪੇਂਡੂ ਜੀਵਨ ਨਾਲ ਸੰਬੰਧਿਤ ਅਖ਼ਬਾਰਾਂ ਵਿਚ ਛਪੇ ਕੁਝ ਲੇਖ ਪੜ੍ਹੇ ਹੋਏ ਸਨ। ਹੋਰ ਗੱਲਬਾਤ ਕਰਦਿਆਂ ਪਤਾ ਚਲਿਆ ਕਿ ਉਨ੍ਹਾਂ ਦੀ ਦਿਲਚਸਪੀ ਪੰਜਾਬ ਦੇ ਸਭਿਆਚਾਰਕ ਵਿਰਸੇ ਨਾਲ ਹੈ ਅਤੇ ਉਹ 'ਲੋਕ ਗੀਤਾਂ ਵਿਚ ਪੰਜਾਬੀ ਜੀਵਨ', 'ਪੰਜਾਬੀ ਲੋਕ ਵਿਰਸਾ', 'ਇਕ ਪਿੰਡ ਦੀ ਕਹਾਣੀ-ਸੰਦੌੜ' ਅਤੇ 'ਮੇਰੇ ਪਿੰਡ ਦੀ ਬਦਲੀ ਨੁਹਾਰ' ਆਦਿ ਪੁਸਤਕਾਂ ਵੀ ਪ੍ਰਕਾਸ਼ਤ ਕਰਾ ਚੁਕੇ ਹਨ। ਇਨ੍ਹਾਂ ਤੋਂ ਛੁੱਟ ਉਨ੍ਹਾਂ ਨੇ 'ਯਾਦਾਂ ਦਾ ਸੰਸਾਰ' ਨਾਂ ਹੇਠ ਆਪਣੀ ਸਵੈ-ਜੀਵਨੀ ਵੀ ਲਿਖੀ ਹੈ, ਜੋ ਪੰਜ ਸਾਲ ਪਹਿਲਾਂ ਛਪੀ ਸੀ। ਜਾਣ ਸਮੇਂ ਉਹ 'ਮੇਰੇ ਪਿੰਡ ਦੀ ਬਦਲੀ ਨੁਹਾਰ' ਪੁਸਤਕ ਦੀ ਕਾਪੀ ਅਤੇ 'ਅਲੋਪ ਹੋ ਰਿਹਾ ਪੰਜਾਬੀ ਵਿਰਸਾ' ਪੁਸਤਕ ਦਾ ਖਰੜਾ ਮੁੱਢਲੇ ਸ਼ਬਦ ਲਿਖਣ ਲਈ ਮੇਰੇ ਹਵਾਲੇ ਕਰ ਗਏ।
ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਹਰਕੇਸ਼ ਸਿੰਘ ਕਹਿਲ ਦੀ ਦਿਲਚਸਪੀ ਮੇਰੇ ਖੋਜ ਖੇਤਰ ਨਾਲ ਮੇਲ ਖਾਂਦੀ ਹੈ। ਇਹ ਸਹਿਵਣ ਸੰਯੋਗ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਮੇਰੀ ਪੁਸਤਕ 'ਪੰਜਾਬ ਦਾ ਲੋਕ ਵਿਰਸਾ' (ਭਾਗ ਪਹਿਲਾ) ਅਤੇ ਹਰਕੇਸ਼ ਸਿੰਘ ਕਹਿਲ ਦੀ 'ਪੰਜਾਬੀ ਲੋਕ ਵਿਰਸਾ' ਨਾਂ ਦੀ ਪੁਸਤਕ ਦੋਨੋਂ ਇਕ ਸਾਲ (1996) ਵਿਚ ਛਪੀਆਂ ਹਨ। ਉਨ੍ਹਾਂ ਨੇ ਆਪਣੇ ਪਿੰਡ ਦੇ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕਰਨ ਉਪਰੰਤ ਮਲੇਰ ਕੋਟਲੇ ਤੋਂ ਗ੍ਰੈਜੂਏਸ਼ਨ ਕਰ ਕੇ ਆਪਣੀ ਸਰਵਿਸ ਦਾ ਸਾਰਾ ਸਮਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਚੰਡੀਗੜ੍ਹ ਵਿਚ ਗੁਜ਼ਾਰਿਆ ਹੈ। ਹੁਣ ਵੀ ਉਹ ਲੁਧਿਆਣੇ ਵਿਚ ਰਹਿ ਰਹੇ ਹਨ। ਪਰ ਉਹ ਆਪਣੇ ਬਚਪਨ ਦੇ ਸੰਸਕਾਰਾਂ ਅਤੇ ਆਪਣੀ ਜੱਦੀ ਪਿੰਡ ਸੰਦੌੜ ਨਾਲ ਜੁੜੀ ਕਿਸੇ ਵੀ ਗੱਲ ਨੂੰ ਉਹ ਭੁਲਾ ਨਹੀਂ ਸਕੇ। ਮਨੁਖ ਗਿਆਨ ਦੀਆਂ ਪੌੜੀਆਂ ਚੜ੍ਹ ਕੇ ਅਤੇ ਤਰੱਕੀਆਂ ਦੀਆਂ ਮੰਜ਼ਲਾਂ ਤਹਿ ਕਰ ਕੇ ਕਿਤੇ ਵੀ ਪੁੱਜ ਜਾਏ, ਉਸ ਦੇ ਮਨ ਅੰਦਰ ਹਮੇਸ਼ਾ ਬਚਪਨ ਜਿਊਂਦਾ ਹੈ। ਹਰਕੇਸ਼ ਸਿੰਘ ਪੂਰੀ ਤਰ੍ਹਾਂ ਆਪਣੀ ਜਨਮ ਭੂਮੀ ਅਤੇ ਲੋਕ ਵਿਰਸੇ ਨਾਲ ਜੁੜਿਆ ਹੋਇਆ ਹੈ। ਕਦੀ ਉਹ ਪੰਜਾਬ ਦੇ ਲੋਕ ਗੀਤਾਂ ਵਿਚੋਂ ਪੰਜਾਬੀ ਜੀਵਨ ਦੀ ਝਲਕ ਵੇਖਦਾ ਹੈ ਅਤੇ ਕਦੀ ਆਪਣੇ ਪਿੰਡ ਸੰਦੌੜ ਦੀ ਕਹਾਣੀ ਪੇਸ਼ ਕਰਦਾ ਹੈ। ਉਸ ਨੂੰ ਆਪਣੇ ਵਿਰਸੇ ਨਾਲ ਮੋਹ ਹੈ, ਜਿਸ ਦਾ ਪ੍ਰਮਾਣ ਉਹ 'ਪੰਜਾਬੀ ਲੋਕ ਵਿਰਸਾ' ਪੁਸਤਕ ਵਿਚ ਦੇਂਦਾ ਹੈ। ਉਹ ਪੰਜਾਬ ਦੇ ਲੋਕ ਜੀਵਨ ਨਾਲ ਸੰਬੰਧਿਤ 'ਮੇਰੇ ਪਿੰਡ ਦੀ ਬਦਲੀ ਨੁਹਾਰ' ਦੀ ਸਿਰਜਣਾ ਕਰਦਾ ਹੈ। ਪਰ, ਉਸ