

ਖੇਤੀ-ਬਾੜੀ
ਖੂਹ
ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਸੀ ਅਤੇ ਨਾ ਹੀ ਹੁਣ ਹੈ। ਚਾਹੇ ਇਹ ਇਨਸਾਨੀ ਜੀਵਨ ਸੀ, ਚਾਹੇ ਪਸ਼ੂ ਪੰਛੀ ਸਨ। ਬਨਸਪਤੀ ਲਈ ਵੀ ਪਾਣੀ ਓਨਾ ਹੀ ਜ਼ਰੂਰੀ ਸੀ। ਗੁਰਬਾਣੀ ਵਿਚ ਆਉਂਦਾ ਹੈ –
ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ॥
ਸੰਸਾਰ ਦੇ ਇਤਿਹਾਸ ਤੇ ਨਜ਼ਰ ਮਾਰ ਕੇ ਵੇਖ ਲਵੋ, ਸਭ ਤੋਂ ਪਹਿਲਾਂ ਮਨੁੱਖੀ ਵਸੋਂ ਸਮੁੰਦਰਾਂ, ਦਰਿਆਵਾਂ, ਨਦੀ ਨਾਲਿਆਂ ਦੇ ਕੰਢਿਆਂ ਤੇ ਹੋਈ। ਕਿਉਂ ਜੋ ਉਥੇ ਪਾਣੀ ਉਪਲਬਧ ਸੀ। ਪੰਜਾਬ ਦੇ ਜਿੰਨੇ ਪੁਰਾਣੇ ਸ਼ਹਿਰ ਅਤੇ ਪਿੰਡ ਹਨ, ਉਹ ਸਾਰੇ ਦਰਿਆਵਾਂ, ਨਦੀ ਨਾਲਿਆਂ ਦੇ ਪੱਤਣਾਂ ਦੇ ਨਜ਼ਦੀਕ ਵਸੇ ਹੋਏ ਹਨ। ਏਸੇ ਲਈ ਅਖਾਣ ਹੈ –
ਦਰਿਆ ਦਾ ਹਮਸਾਇਆ,
ਨਾ ਭੁੱਖਾ ਨਾ ਤਿਹਾਇਆ।
ਪੱਤਣਾਂ ਤੋਂ ਹੀ ਮੁਟਿਆਰਾਂ ਪੀਣ ਲਈ ਪਾਣੀ ਭਰਦੀਆਂ ਹੁੰਦੀਆਂ ਸਨ। ਉਸ ਸਮੇਂ ਦੀ ਪੱਤਣ ਤੇ ਖੜੀ ਮੁਟਿਆਰ ਦੇ ਹੁਸਨ ਦੀ ਕਿੰਨੀ ਸੋਹਣੀ ਤਾਰੀਫ਼ ਕੀਤੀ ਗਈ ਹੈ –
ਘੁੰਡ ਕੱਢ ਲੈ ਪੱਤਣ 'ਤੇ ਖੜ੍ਹੀਏ,
ਪਾਣੀਆਂ ਨੂੰ ਅੱਗ ਲੱਗ ਜੂ।
ਫੇਰ ਆਬਾਦੀ ਉਨ੍ਹਾਂ ਥਾਵਾਂ ’ਤੇ ਹੋਣ ਲੱਗੀ, ਜਿਥੇ ਬਾਰਸ਼ਾਂ ਦੇ ਪਾਣੀ ਵਗਦੇ ਰਹਿੰਦੇ ਸਨ। ਲੋਕ ਇਨ੍ਹਾਂ ਪਾਣੀਆਂ ਨੂੰ ਇਕ ਦੋ ਨਵੀਆਂ ਥਾਵਾਂ 'ਤੇ 'ਕੱਠਾ ਕਰ ਲੈਂਦੇ ਸਨ, ਜਿਥੋਂ ਲੋੜ ਅਨੁਸਾਰ ਵਰਤਦੇ ਰਹਿੰਦੇ ਸਨ। ਤੁਸੀਂ ਪੰਜਾਬ ਦੇ ਕਿਸੇ ਪਿੰਡ ਵੱਲ ਝਾਤੀ ਮਾਰ ਲਵੋ, ਹਰ ਪਿੰਡ ਵਿਚ ਕਈ ਟੋਬੇ/ਛੱਪੜ ਹੁੰਦੇ ਸਨ, ਜਿੱਥੇ ਬਾਰਸ਼ਾਂ ਦਾ ਪਾਣੀ 'ਕੱਠਾ ਕੀਤਾ ਜਾਂਦਾ ਸੀ। ਆਮ ਤੌਰ 'ਤੇ ਇੱਕ ਟੋਬਾ ਪਿੰਡ ਦੇ ਦਰਵਾਜ਼ੇ ਦੇ ਨਜ਼ਦੀਕ ਹੁੰਦਾ ਸੀ ਜਿਸ ਦਾ ਪਾਣੀ ਮਨੁੱਖੀ ਵਸੋਂ ਲਈ ਵਰਤਿਆ ਜਾਂਦਾ ਸੀ। ਦੂਸਰਿਆਂ ਟੋਬਿਆਂ ਦਾ ਪਾਣੀ ਪਸ਼ੂਆਂ ਲਈ ਵਰਤਿਆ ਜਾਂਦਾ ਸੀ । ਕਈਆਂ ਲਈ ਇਹ ਟੋਬੇ/ਛੱਪੜ ਆਪਣੇ ਹੁਸਨ ਦੀ ਨੁਮਾਇਸ਼ ਕਰਨ ਦਾ ਸਾਧਨ ਵੀ ਬਣਦੇ ਸਨ-
ਮਾਂਗ ਤੇ ਸੰਧੂਰ ਭੁੱਕ ਕੇ,
ਰੰਨ ਮਾਰਦੀ ਛੱਪੜ ਤੇ ਗੇੜੇ।