Back ArrowLogo
Info
Profile

ਹਾਲਾਂ ਤਿੰਨ ਸੁਹਾਗੇ ਚਾਰ।

ਛੋਲੇ ਬੀਜੇ ਡੇਢ ਕਨਾਲ।

ਜੋ ਵੀ ਵੱਢ ਲਏ ਸਰਕਾਰ।

ਸਾਨੂੰ ਕੀ ਮਾਮਲੇ ਨਾਲ?

ਫੇਰ ਖੇਤੀਬਾੜੀ ਲਈ ਖੂਹ ਲੱਗਣ ਲੱਗੇ। ਜਿਮੀਂਦਾਰਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੁੰਦੀ ਸੀ, ਇਸ ਲਈ ਕਈ ਕਈ ਪਰਿਵਾਰ ਰਲ ਕੇ ਖੂਹ ਲਾਉਂਦੇ ਸਨ। ਉਨ੍ਹਾਂ ਸਮਿਆਂ ਵਿਚ ਪੰਡਤਾਂ ਦੇ ਬਹੁਤ ਵਹਿਮ ਭਰਮ ਪਾਏ ਹੋਏ ਸਨ, ਇਸ ਲਈ ਖੂਹ ਦੇ ਪਾੜ ਪੱਟਣ ਦਾ ਦਿਨ ਪੰਡਤ ਤੋਂ ਕਢਵਾਇਆ ਜਾਂਦਾ ਸੀ। ਧਰਤੀ ਸੁੱਤੀ ਹੈ ਜਾਂ ਜਾਗਦੀ ਹੈ, ਇਹ ਵੀ ਪੰਡਤ ਹੀ ਦੱਸਦਾ ਸੀ। ਪਾੜ ਦੇ ਟੱਕ ਲਾਉਣ ਤੋਂ ਪਹਿਲਾਂ ਦੇਵੀ ਦੇਵਤੇ ਧਿਆਏ ਜਾਂਦੇ ਸਨ। ਅਰਦਾਸ ਕੀਤੀ ਜਾਂਦੀ ਸੀ। ਫੇਰ ਗੁੜ ਵੰਡਿਆ ਜਾਂਦਾ ਸੀ। ਉਸ ਤੋਂ ਪਿੱਛੋਂ ਖੂਹ ਲਈ ਟੱਕ ਲਾਉਂਦੇ ਸਨ। ਫੇਰ ਕਹੀਆਂ ਨਾਲ ਖੂਹ ਲਈ ਟੋਆ ਪਾਣੀ ਆਉਣ ਦੀ ਪੱਧਰ ਦੇ ਨਜ਼ਦੀਕ ਤੱਕ ਪੱਟਿਆ ਜਾਂਦਾ ਸੀ। ਇਸ ਟੋਏ ਵਿਚ ਇੱਟਾਂ ਨਾਲ ਖੂਹ ਦੀ ਉਸਾਰੀ ਲਈ ਸਭ ਤੋਂ ਹੇਠਾਂ ਲੱਕੜ ਦਾ ਚੱਕ ਰੱਖਿਆ ਜਾਂਦਾ ਸੀ। ਅੱਜ ਦੀ ਪੀੜ੍ਹੀ ਚੱਕ ਕਿਸ ਨੂੰ ਕਹਿੰਦੇ ਸਨ? ਇਹ ਵੀ ਨਹੀਂ ਸਮਝੇਗੀ। ਲੱਕੜ ਦਾ ਗੋਲ ਆਕਾਰ ਦਾ ਓਨੇ ਸਾਈਜ਼ ਦਾ ਡੇਢ ਕੁ ਫੁੱਟ ਚੌੜਾ ਗੋਲ ਚੱਕਰ ਬਣਾਇਆ ਜਾਂਦਾ ਸੀ, ਜਿਸ ਦੇ ਉੱਪਰ ਇੱਟਾਂ, ਚੂਨੇ, ਸੀਮਿੰਟ ਨਾਲ ਖੂਹ ਦੀ ਉਸਾਰੀ ਕੀਤੀ ਜਾਂਦੀ ਸੀ। ਏਸ ਗੋਲ ਆਕਾਰ ਵਾਲੀ ਲੱਕੜ ਦੀ ਬਣੀ ਵਸਤ ਨੂੰ ਚੱਕ ਕਹਿੰਦੇ ਸਨ। ਇਹ ਚੱਕ ਪਾਣੀ ਵਿਚ ਡੁੱਬ ਕੇ ਹਮੇਸ਼ਾਂ ਲਈ ਨਜ਼ਰਾਂ ਤੋਂ ਓਹਲੇ ਹੋ ਜਾਂਦਾ ਸੀ। ਉਸ ਸਮੇਂ ਦਾ ਚੱਕ ਸਬੰਧੀ ਲੋਕ ਗੀਤ ਹੈ-

ਖੜੋਤੀ ਕੁੜੀਏ,

ਚੱਕ ਲਿਆ ਬਜ਼ਾਰ ਵਿਚੋਂ ਦੋਹਣਾ।

ਖੂਹ ਦੇ ਚੱਕ ਵਾਂਗੂ,

ਅਸਾਂ ਫੇਰ ਨਾ ਜਗਤ ਤੇ ਆਉਣਾ।

X        X        X

ਸੁਪਨਾ ਹੋ ਗਿਆ ਯਾਰਾ,

ਖੂਹ ਦੇ ਚੱਕ ਵਾਂਗੂ।

ਖੂਹ ਦੀ ਉਸਾਰੀ ਓਨੀ ਕੀਤੀ ਜਾਂਦੀ ਸੀ, ਜਿੰਨਾ ਖੂਹ ਨੂੰ ਹੇਠਾਂ ਲਾਹ ਕੇ ਲਿਜਾਣਾ ਹੁੰਦਾ ਸੀ। ਖੂਹ ਦੀ ਉਸਾਰੀ ਦੇ ਉਪਰ ਵਿਚਕਾਰ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ, ਜਿੰਨੀ ਜਗ੍ਹਾ ਵਿਚ ਦੀ ਕਹਾ ਆਸਾਨੀ ਨਾਲ ਖੂਹ ਵਿਚ ਲਮਕਾਇਆ ਜਾ ਸਕਦਾ ਸੀ ਤੇ ਕੱਢਿਆ ਜਾ ਸਕਦਾ ਸੀ, ਸ਼ਤੀਰੀਆਂ ਪਾ ਕੇ ਆਰਜ਼ੀ ਛੱਤ ਪਾਈ ਜਾਂਦੀ ਸੀ। ਏਸ ਆਰਜ਼ੀ ਛੱਤ ਉੱਪਰ ਖ਼ਾਲੀ ਬੋਰੀਆਂ ਵਿਚ ਮਿੱਟੀ ਭਰ ਕੇ ਰੱਖੀ ਜਾਂਦੀ ਸੀ। ਏਸ ਮਿੱਟੀ ਦੇ ਭਾਰ ਨਾਲ ਖੂਹ ਨੂੰ ਹੇਠਾਂ ਲਾਹੁਣ ਵਿਚ ਮੱਦਦ ਮਿਲਦੀ ਸੀ। ਖੂਹ ਦੀ ਆਰਜ਼ੀ ਛੱਤ ਉੱਪਰ ਇਕ ਦੋਸਾਂਗੜ ਬੰਨ੍ਹੀ ਜਾਂਦੀ ਸੀ, ਗੱਡੀ ਜਾਂਦੀ ਸੀ, ਜਿਸ ਵਿਚ ਭੌਣੀ ਫਿੱਟ ਕੀਤੀ ਜਾਂਦੀ ਸੀ। ਏਸ ਭੌਣੀ ਉੱਪਰ ਦੀ ਕਹੇ ਨੂੰ ਰੱਸਾ ਬੰਨ੍ਹ ਕੇ ਖੂਹ ਵਿਚ ਲਮਕਾਇਆ ਜਾਂਦਾ ਸੀ । ਰੱਸੇ ਦਾ ਦੂਸਰਾ ਸਿਰਾ ਆਦਮੀਆਂ ਦੇ ਹੱਥਾਂ ਵਿਚ ਫੜਿਆ ਹੁੰਦਾ ਸੀ। ਚੱਕ ਉੱਪਰ ਉਸਾਰੇ ਹੋਏ ਖੂਹ ਨੂੰ ਫੇਰ ਖੂਹ ਹੇਠਾਂ ਲਾਹੁਣ ਵਾਲਾ ਝਿਉਰ ਚੱਕ ਦੇ ਹੇਠੋਂ ਬੜੇ ਕਹੇ ਨਾਲ ਥੋੜ੍ਹੀ ਥੋੜ੍ਹੀ ਮਿੱਟੀ ਕੱਢ ਕੇ ਹੇਠਾਂ ਨੂੰ ਲਾਹ ਕੇ ਉਥੇ ਤੱਕ ਲੈ ਜਾਂਦਾ ਸੀ, ਜਿਥੇ ਖੂਹ ਵਿਚ ਕਾਫ਼ੀ ਪਾਣੀ ਹੋ ਜਾਂਦਾ ਸੀ ਤੇ ਧਰਤੀ ਦੀ ਸਖ਼ਤ ਤਹਿ ਵੀ ਆ ਜਾਂਦੀ ਸੀ। ਖੂਹ ਵਿਚ ਝਿਉਰ/ਮਿਸਤਰੀ ਜਿਹੜਾ ਮਿੱਟੀ ਦਾ ਕਹਾ ਭਰਦਾ ਸੀ, ਉਸ ਕਹੇ ਨੂੰ ਬਾਹਰ ਖੜ੍ਹੇ ਬੰਦ ਲੱਜ ਅਤੇ ਭੌਣੀ ਰਾਹੀਂ ਬਾਹਰ ਖਿੱਚ ਲੈਂਦੇ ਸਨ। ਏਸ ਤਰ੍ਹਾਂ ਖੂਹ ਨੂੰ ਹੇਠਾਂ ਪੂਰਾ ਲਾਹੁਣ ਤੱਕ ਕਹਾ ਚਲਦਾ ਰਹਿੰਦਾ ਸੀ। ਬੰਦਿਆਂ ਦੀ ਥਾਂ ਕਹੇ ਨੂੰ ਫੇਰ ਬਲਦਾਂ ਦੀ ਜੋੜੀ ਨਾਲ ਖਿੱਚਿਆ ਜਾਣ ਲੱਗਿਆ। ਖੂਹ ਵਿਚੋਂ ਲਗਾਤਾਰ ਪਾਣੀ ਮਿਲਦਾ ਰਹੇ, ਏਸ ਲਈ ਲਹੇ ਹੋਏ ਖੂਹ ਦੇ ਵਿਚਾਲੇ ਲੋਹੇ ਦੀ 6/7 ਇੰਚ ਗੋਲ ਆਕਾਰ ਦੀ ਪਾਈਪ ਨੂੰ ਨਲਕਾ ਲਾਉਣ ਦੀ ਤਰ੍ਹਾਂ ਕਾਫ਼ੀ ਡੂੰਘਾ ਕਰਕੇ ਲਾਇਆ ਜਾਂਦਾ ਸੀ, ਜਿਸ ਨਾਲ ਲਗਾਤਾਰ ਖੂਹ ਵਿਚ ਪਾਣੀ ਭਰਦਾ ਰਹਿੰਦਾ ਸੀ । ਖੂਹ ਨੂੰ ਪੂਰਾ ਹੇਠਾਂ ਲਾਹੁਣ ਤੋਂ ਪਿਛੋਂ ਆਰਜ਼ੀ ਛੱਤ ਲਾਹ ਦਿੱਤੀ ਜਾਂਦੀ ਸੀ ਤੇ ਖੂਹ ਦੀ ਮੌਣ ਬੰਨ੍ਹ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਖੂਹ ਦੇ ਮੁਕੰਮਲ ਹੋਣ ਤੇ ਖਵਾਜ਼ਾ ਖ਼ਿਜ਼ਰ ਦੀ ਮਿਹਰ ਲਈ ਦਲੀਆ/ਮਿੱਠੇ ਚੌਲ/ਜਾਂ ਕੜਾਹ ਵੰਡਿਆ ਜਾਂਦਾ ਸੀ।

ਇਨ੍ਹਾਂ ਖੂਹਾਂ ਵਿਚੋਂ ਹਲਟ ਨਾਲ ਪਾਣੀ ਕੱਢਿਆ ਜਾਂਦਾ ਸੀ। ਖੂਹ ਕਈ ਆਕਾਰ ਦੇ ਬਣਾਏ ਜਾਂਦੇ ਸਨ। ਛੋਟੇ ਆਕਾਰ ਦੇ ਖੂਹ ਵਿਚ ਇਕ ਹੀ ਹਲਟ ਲੱਗਦਾ ਹੁੰਦਾ ਸੀ। ਬੜੇ ਆਕਾਰ ਦੇ ਖੂਹਾਂ ਵਿਚ ਦੋ ਤੋਂ ਤਿੰਨ ਹਲਟ ਲਗ ਜਾਂਦੇ ਸਨ, ਜਿਨ੍ਹਾਂ ਨੂੰ ਦੋ ਵਿੱਢਾ ਤੇ ਤਿੰਨ ਵਿੱਢੇ ਖੂਹ ਕਿਹਾ ਜਾਂਦਾ ਸੀ। ਇਨ੍ਹਾਂ ਹਲਟਾਂ ਨਾਲ ਸਾਰੇ ਹਿੱਸੇਦਾਰਾਂ ਦੀ ਥੋੜ੍ਹੀ ਥੋੜ੍ਹੀ ਜ਼ਮੀਨ ਨੂੰ ਹੀ ਪਾਣੀ ਲਗਦਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਅਜੇ ਮੁਰੱਬੇਬੰਦੀ ਵੀ ਨਹੀਂ ਹੋਈ ਸੀ, ਏਸ ਲਈ ਲੋਕਾਂ ਦੇ ਥੋੜ੍ਹੀ ਥੋੜ੍ਹੀ ਜ਼ਮੀਨ ਦੇ ਖੇਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਬਹੁਤ ਹੁੰਦਾ ਸੀ। ਇਕ ਦੂਜੇ ਦੀ ਖੇਤੀ ਵਿਚ ਪੂਰੀ ਮਦਦ ਕਰਦੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਜੇਕਰ ਵੇਲੇ ਸਿਰ ਬਾਰਸ਼ ਨਹੀਂ ਹੁੰਦੀ ਸੀ ਤਾਂ ਕਾਲ ਪੈ ਜਾਂਦਾ ਸੀ। ਖੂਹਾਂ ਦੇ ਲੱਗਣ ਨਾਲ ਲੋਕਾਂ ਨੂੰ ਕਾਲ ਤੋਂ ਵੀ ਕੁਝ ਰਾਹਤ ਮਿਲਣ ਲੱਗੀ –

231 / 361
Previous
Next