Back ArrowLogo
Info
Profile

ਜਿਸ ਦਾ ਵਗੇ ਖਾਲ,

ਕੀ ਕਰੂੰਗਾ ਉਹਨੂੰ ਕਾਲ।

ਜਿਸ ਜ਼ਮੀਨ ਨੂੰ ਪਾਣੀ ਲਗਦਾ ਸੀ, ਉਹ ਜ਼ਮੀਨ ਹੀ ਸਭ ਤੋਂ ਚੰਗੀ ਲੱਗਦੀ ਹੁੰਦੀ ਸੀ-

ਉਹ ਜ਼ਮੀਨ ਰਾਣੀ,

ਜਿਸ ਦੇ ਸਿਰ ਤੇ ਪਾਣੀ

X        X       X

ਜਨਾਨੀ ਸੋ ਜੋ ਪੇਕਿਓਂ ਰਾਣੀ,

ਜ਼ਮੀਨ ਸੋ ਜਿਸ ਦੇ ਸਿਰ ਤੇ ਪਾਣੀ।

ਇਨ੍ਹਾਂ ਖੂਹਾਂ 'ਤੇ ਹੀ ਲੋਕ ਨਾਉਂਦੇ ਹੁੰਦੇ ਸਨ। ਜਨਾਨੀਆਂ ਕਪੜੇ ਵੀ ਇਨ੍ਹਾਂ ਖੂਹਾਂ 'ਤੇ ਧੋਂਦੀਆਂ ਹੁੰਦੀਆਂ ਸਨ। ਪੀਣ ਲਈ ਪਾਣੀ ਵੀ ਇਨ੍ਹਾਂ ਖੂਹਾਂ ਤੋਂ ਭਰਦੀਆਂ ਹੁੰਦੀਆਂ ਸਨ। ਪ੍ਰੋਫੈਸਰ ਮੋਹਨ ਸਿੰਘ ਆਪਣੀ "ਖੂਹ ਦੀ ਗਾਧੀ ਉਤੇ" ਕਵਿਤਾ ਵਿਚ ਖੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਦਾ ਬੜਾ ਸੋਹਣਾ ਜ਼ਿਕਰ ਕਰਦੇ ਹਨ –

ਥੱਲੇ ਖੇਨੂੰ ਜੜੇ ਸਤਾਰੇ,

ਉੱਤੇ ਤਿੰਨ ਤਿੰਨ ਘੜੇ ਉਸਾਰੇ,

ਪਿਆ ਲੱਕ ਖਾਵੇ ਲਚਕਾਰੇ,

ਉਹ ਫਿਰ ਵੀ ਲਾਣ ਨਾ ਪੱਬ ਨੀ,

ਸਾਡੇ ਖੂਹ ਤੇ ਵਸਦਾ ਰੱਬ ਨੀ।

ਪਹਿਲੇ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਵਿਚ ਹੁੰਦੀਆਂ ਸਨ। ਜਦ ਫੌਜੀ ਆਪਣੀ ਛੁੱਟੀ ਕੱਟ ਕੇ ਵਾਪਸ ਜਾਂਦਾ ਹੁੰਦਾ ਸੀ, ਉਸ ਸਮੇਂ ਖੂਹ ਤੇ ਖੜ੍ਹੀ ਉਸ ਦੀ ਵਹੁਟੀ ਦੀ ਹਾਲਤ ਤਰਸਯੋਗ ਹੁੰਦੀ ਸੀ –

ਜਦ ਮਾਹੀ ਚੱਲਿਆ, ਮੈਂ ਖੜੀ ਜਾਂ ਖੂਹ ਤੇ,

ਮੋਟੇ ਮੋਟੇ ਹੰਝੂ ਡਿਗੇ ਗੋਰੇ ਗੋਰੇ ਮੂੰਹ 'ਤੇ।

ਇਕ ਮਾਹੀ ਦੀ ਜੁਦਾਈ, ਉੱਤੋਂ ਸੱਸ ਦੀ ਤਕੜਾਈ ਨਾਲ ਸਿਪਾਹੀ ਦੀ ਵਹੁਟੀ ਦਾ ਬੁਰਾ ਹਾਲ ਹੋ ਜਾਂਦਾ ਸੀ। ਇਸ ਲਈ ਉਹ ਆਪਣੀ ਸੱਸ ਦੀਆਂ ਵਧੀਕੀਆਂ ਦੱਸਣ ਲਈ ਆਪਣੇ ਮਾਹੀ ਨੂੰ ਉਡੀਕਦੀ ਰਹਿੰਦੀ ਸੀ –

ਵੇ ਮੈਂ ਪਾਣੀ ਭਰੇਨੀਆਂ ਖੂਹ ਤੇ,

ਕਦੀ ਆਵੇ ਤਾਂ ਗੱਲਾਂ ਕਰਾਂ ਮੂੰਹ 'ਤੇ,

ਜਿਹੜੀ ਸਾਡੇ ਨਾਲ ਬੀਤੀ ਆ ਲਾਲ।

ਹੋ! ਮਾਹੀਏ ਦੀ ਕਿੱਡੀ ਮਜ਼ਾਜ਼!

232 / 361
Previous
Next