Back ArrowLogo
Info
Profile

ਖੂਹਾਂ ਤੇ ਪੂਰੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਖੂਹ ਕਈਆਂ ਦੇ ਮਿਲਣ ਸਥਾਨ ਵੀ ਹੁੰਦੇ ਸਨ-

ਲੀੜੇ ਧੋਣ ਦੇ ਬਹਾਨੇ ਜਾਵਾਂ,

ਮਿੱਤਰਾਂ ਦਾ ਖੂਹ ਚੱਲਦਾ।

ਨਲਕਿਆਂ ਦੇ ਲੱਗਣ ਕਰਕੇ ਕਈਆਂ ਦਾ ਖੂਹ 'ਤੇ ਮਿਲਣਾ-ਗਿਲਣਾ ਬੰਦ ਹੋ ਗਿਆ –

ਖੂਹਾਂ ਟੋਬਿਆਂ ਤੇ ਮਿਲਣੋਂ ਰਹਿ ਗਈ,

ਚੰਦਰੇ ਲਵਾ ਲਏ ਨਲਕੇ।

ਖੂਹਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ । ਦੀਵਾਲੀ ਸਮੇਂ ਖੂਹਾਂ ਤੇ ਦੀਵਾ ਬਾਲਦੇ ਸਨ। ਖੂਹ ਬਾਰੇ ਧਾਰਨਾ ਹੈ ਕਿ ਜਿਹੜੀ ਇਸਤਰੀ ਖੂਹ ਦਾ ਪਹਿਲਾ ਪਾਣੀ ਪੀਵੇਗੀ, ਉਸ ਦੇ ਲੜਕਾ ਪੈਦਾ ਹੋਵੇਗਾ। ਇਕ ਧਾਰਨਾ ਇਹ ਵੀ ਹੈ ਕਿ ਜਿਹੜੀ ਇਸਤਰੀ ਬਾਂਝ ਹੋਵੇ, ਜੇਕਰ ਉਹ ਇਸਤਰੀ ਸੱਤਾਂ ਖੂਹਾਂ ਦਾ ਪਾਣੀ ਇਕੱਠਾ ਕਰਕੇ ਸਵੇਰ ਵੇਲੇ ਕਿਸੇ ਚੌਰਸਤੇ ਵਿਚ ਇਸ਼ਨਾਨ ਕਰੇ ਤਾਂ ਉਸਦੇ ਘਰ ਪੁੱਤਰ ਪੈਦਾ ਹੋਵੇਗਾ।

ਮੁਰੱਬੇਬੰਦੀ ਹੋਣ ਤੇ ਲੋਕਾਂ ਦੀਆਂ ਜ਼ਮੀਨਾਂ ਇਕ-ਇਕ, ਦੋ-ਦੋ ਥਾਂਵਾਂ ਤੇ 'ਕੱਠੀਆਂ ਹੋ ਗਈਆਂ। ਲੋਕਾਂ ਦੀ ਆਰਥਿਕ ਹਾਲਤ ਚੰਗੀ ਹੁੰਦੀ ਗਈ। ਫੇਰ ਬਹੁਤੇ ਪਰਿਵਾਰਾਂ ਨੇ ਆਪਣੇ ਆਪਣੇ ਖੂਹ ਲਾਉਣੇ ਸ਼ੁਰੂ ਕੀਤੇ। ਇਕ ਅਜਿਹਾ ਸਮਾਂ ਵੀ ਆਇਆ, ਜਦ ਹਰ ਪਰਿਵਾਰ ਕੋਲ ਆਪਣਾ ਖੂਹ ਹੁੰਦਾ ਸੀ। ਫੇਰ ਇਨ੍ਹਾਂ ਖੂਹਾਂ ਵਿਚ ਇੰਜਣਾਂ ਨਾਲ ਚੱਲਣ ਵਾਲੇ ਟਿਊਬੈਲ ਲਾਏ ਗਏ। ਫੇਰ ਜ਼ਿਮੀਂਦਾਰਾਂ ਨੇ ਖੂਹੀਆਂ ਉਸਾਰ ਕੇ ਟਿਊਬੈਲ ਲਾਏ। ਬਿਜਲੀ ਆਉਣ ਤੇ ਬਿਜਲੀ ਦੀਆਂ ਮੋਟਰਾਂ ਵਾਲੇ ਟਿਊਬੈਲ ਲੱਗ ਗਏ। ਹੁਣ ਧਰਤੀ ਦਾ ਪਾਣੀ ਐਨੀ ਦੂਰ ਚਲਿਆ ਗਿਆ ਹੈ ਕਿ ਬਹੁਤੇ ਇਲਾਕਿਆਂ ਵਿਚ ਸਮਰਸੀਬਲ ਪੰਪ ਨਾਲ ਹੀ ਟਿਊਬੈਲ ਲੱਗ ਸਕਦੇ ਹਨ।

ਹੁਣ ਮਾਲਵੇ ਦੇ ਇਲਾਕੇ ਦੇ ਕਿਸੇ ਪਿੰਡ ਵਿਚ ਵੀ ਤੁਹਾਨੂੰ ਖੂਹ ਨਹੀਂ ਮਿਲੇਗਾ। ਜ਼ਿਮੀਂਦਾਰਾਂ ਨੇ ਖੂਹਾਂ ਨੂੰ ਭਰ ਕੇ ਖੇਤਾਂ ਵਿਚ ਰਲਾ ਲਿਆ ਹੈ। ਦੁਆਬੇ ਅਤੇ ਮਾਝੇ ਦੇ ਦਰਿਆਵਾਂ ਦੇ ਕੰਢੇ ਵਸੇ ਪਿੰਡਾਂ ਵਿਚ ਪਾਣੀ ਨੇੜੇ ਹੋਣ ਕਰ ਕੇ ਅਜੇ ਵੀ ਕੋਈ ਨਾ ਕੋਈ ਖੂਹ ਚਲਦਾ ਤੁਹਾਨੂੰ ਨਜ਼ਰ ਜ਼ਰੂਰ ਆ ਜਾਵੇਗਾ। ਖੂਹ ਜਿਹੜੇ ਕਿਸੇ ਸਮੇਂ ਖੇਤੀ ਦੀ ਰੀੜ ਦੀ ਹੱਡੀ ਹੁੰਦੇ ਸਨ, ਹੁਣ ਅਲੋਪ ਹੋ ਗਏ ਹਨ।

233 / 361
Previous
Next