

ਕੋਹ/ਚਰਸ
ਪੁਰਾਣੇ ਸਮਿਆਂ ਵਿਚ ਇਕ ਕੋਹ ਹੁੰਦਾ ਸੀ, ਜਿਸ ਨਾਲ ਖੂਹ ਵਿਚੋਂ ਪਾਣੀ ਕੱਢਕੇ ਫ਼ਸਲ ਸਿੰਜੀ ਜਾਂਦੀ ਸੀ। ਕਈ ਇਲਾਕਿਆਂ ਵਿਚ ਕੋਹ ਨੂੰ ਚਰਸ ਵੀ ਕਹਿੰਦੇ ਸਨ। ਦੂਰੀ ਦੀ ਮਿਣਤੀ ਵੀ ਉਨ੍ਹਾਂ ਸਮਿਆਂ ਵਿਚ ਕੋਹਾਂ ਵਿਚ ਕੀਤੀ ਜਾਂਦੀ ਸੀ।
ਇਹ ਉਹ ਸਮਾਂ ਸੀ ਜਦ ਮੁਰੱਬੇਬੰਦੀ ਅਜੇ ਹੋਈ ਨਹੀਂ ਸੀ। ਰਾਹ ਉੱਘੜੇ- ਦੁੱਗੜੇ, ਉੱਚੇ, ਨੀਵੇਂ ਹੁੰਦੇ ਸਨ। ਏਸ ਕਰ ਕੇ ਹੀ ਇਨ੍ਹਾਂ ਭੈੜੇ ਰਾਹਾਂ ਤੇ ਸਿਖਰ ਦੁਪਹਿਰੇ ਥੋੜ੍ਹਾ ਜਿਹਾ ਸਫ਼ਰ ਕਰ ਕੇ ਥੱਕੀ ਤੇ ਤਿਹਾਈ ਜਨਾਨੀ ਬਾਰੇ ਅਖਾਣ ਹੈ 'ਕੋਹ ਨਾ ਚੱਲੀ, ਬਾਬਾ ਤਿਹਾਈ।'
ਕਿਸੇ ਨੂੰ ਪੂਰੇ ਤਸੀਹੇ ਦੇ ਕੇ, ਕਸ਼ਟ ਦੇ ਕੇ ਮਾਰਨ ਨੂੰ 'ਕੋਹ ਕੋਹ ਕੇ ਮਾਰਨਾ' ਕਿਹਾ ਜਾਂਦਾ ਹੈ। ਹੁਣ ਖੂਹਾਂ ਵਿਚੋਂ ਪਾਣੀ ਕੱਢਣ ਵਾਲੇ ਕੋਹਾਂ ਦੀ ਗੱਲ ਕਰਦੇ ਹਾਂ।

ਪਹਿਲਾਂ ਸਾਰੀ ਦੀ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਜੇਕਰ ਬਾਰਸ਼ ਵੇਲੇ ਸਿਰ ਹੋ ਜਾਣੀ ਤਾਂ ਫ਼ਸਲਾਂ ਹੋ ਜਾਣੀਆਂ-
ਜੇ ਹਾੜ ਸਾਉਣ ਵੱਸੇ ਮਾਰੋ ਮਾਰ,
ਹਾੜੀ ਸਾਉਣੀ ਹੁੰਦੀ ਬੇ-ਸ਼ੁਮਾਰ।
ਜੇ ਕਰ ਵੇਲੇ ਸਿਰ ਬਾਰਸ਼ ਨਾ ਹੋਣੀ ਤਾਂ ਕਾਲ ਪੈ ਜਾਣਾ –
ਕਿਹੜੇ ਰੱਬ ਦੇ ਕੀਰਨੇ ਪਾਵਾਂ,
ਪਿੰਡ ਵਿਚ ਕਾਲ ਪੈ ਗਿਆ।