

ਕਾਲ ਦੇ ਸਮੇਂ ਵਿਚ ਤਾਂ ਜਾਨ ਦੇ ਲਾਲੇ ਪਏ ਹੁੰਦੇ ਸਨ। ਏਸ ਲਈ ਜਨਾਨੀਆਂ ਨੂੰ ਕੋਈ ਵੀ ਤਿਉਹਾਰ, ਵਿਸ਼ੇਸ਼ ਕਰ ਕੇ ਜਨਾਨੀਆਂ ਦਾ ਵਿਸ਼ੇਸ਼ ਤਿਉਹਾਰ ਤੀਆਂ ਵੀ ਚੰਗਾ ਨਹੀਂ ਲੱਗਦਾ ਸੀ –
ਖੇਤ ਉਜਾੜ ਪਿਆ,
ਮੈਂ ਕਿਵੇਂ ਗਿੱਧੇ ਵਿਚ ਜਾਵਾਂ?
ਬਾਰਸ਼ ਬਹੁਤ ਹੋ ਜਾਣੀ, ਝੜੀ ਲੱਗ ਜਾਣੀ ਤਾਂ ਹੜ੍ਹ ਆ ਜਾਣੇ। ਕੱਚੇ ਕੋਠੇ ਢਹਿ ਜਾਣੇ –
ਪੋਹ ਮਾਘ ਦੀ ਝੜੀ
ਕੋਠਾ ਛੱਡੇ ਨਾ ਕੜੀ।
ਉਨ੍ਹਾਂ ਸਮਿਆਂ ਵਿਚ ਪੰਜਾਬ ਦੇ ਕਿਸੇ ਵੀ ਦਰਿਆ 'ਤੇ ਬੰਨ੍ਹ ਨਹੀਂ ਬੰਨ੍ਹਿਆ ਹੋਇਆ ਸੀ ਜਿਸ ਪਾਸੇ ਨੂੰ ਪਾਣੀ ਦਾ ਵਹਾ ਜ਼ਿਆਦਾ ਹੋ ਗਿਆ, ਉਸ ਪਾਸੇ ਹੀ ਦਰਿਆ ਆਪਣਾ ਰੁਖ ਬਦਲ ਲੈਂਦੇ ਸਨ। ਪਿਛਲੇ ਸਮਿਆਂ ਵਿਚ ਸਤਲੁਜ ਦਰਿਆ ਮਾਲਵੇ ਦੇ ਕਈ ਇਲਾਕਿਆਂ ਵਿਚ ਵੱਗਦਾ ਰਿਹਾ ਹੈ। ਫੇਰ ਕਈ ਕਈ ਪਰਿਵਾਰ ਰਲ ਕੇ ਖੂਹ ਲਾਉਣ ਲੱਗੇ। ਖੂਹਾਂ ਵਿਚੋਂ ਫ਼ਸਲ ਸਿੰਜਣ ਲਈ ਕੋਹਾਂ ਨਾਲ ਪਾਣੀ ਕੱਢਿਆ ਜਾਣ ਲੱਗਿਆ।
ਕੋਹ ਦੀ ਬਣਤਰ ਏਸ ਤਰ੍ਹਾਂ ਹੁੰਦੀ ਸੀ। ਚਮੜੇ ਦੇ ਬਹੁਤ ਬੜੇ ਸਾਰੇ ਗੋਲ ਜਿਹੇ ਆਕਾਰ ਦੇ ਡੋਲ ਜਿਹੇ ਨੂੰ ਕੋਹ ਕਹਿੰਦੇ ਸਨ। ਏਸ ਦੇ ਮੂੰਹ ਉੱਪਰ ਦੇ ਹਿੱਸੇ ਵਿਚ ਗੋਲ ਜਿਹੇ ਆਕਾਰ ਦਾ ਲੋਹੇ ਦਾ ਕੜਾ ਲੱਗਿਆ ਹੁੰਦਾ ਸੀ, ਜਿਸ ਵਿਚ ਰੱਸਾ ਪਾ ਕੇ ਕੋਹ ਨੂੰ ਖੂਹ ਵਿਚ ਲਮਕਾਇਆ ਜਾਂਦਾ ਸੀ। ਕਈ ਕੋਹਾਂ ਵਿਚ ਏਸ ਕੜੇ ਦੇ ਵਿਚਾਲੇ ਲੱਕੜ ਲੱਗੀ ਹੁੰਦੀ ਸੀ। ਕਈਆਂ ਦੇ ਵਿਚਾਲੇ ਲੋਹੇ ਦਾ ਡੰਡਾ ਲੱਗਿਆ ਹੁੰਦਾ ਸੀ। ਏਸ ਲੱਕੜ ਜਾਂ ਲੋਹੇ ਦਾ ਡੰਡੇ ਵਿਚ ਰੱਸਾ ਪਾ ਕੇ ਕੋਹ ਨੂੰ ਖੂਹ ਵਿਚ ਲਮਕਾਇਆ ਜਾਂਦਾ ਸੀ। ਏਸ ਰੱਸੇ ਦਾ ਦੂਸਰਾ ਸਿਰਾ ਬਲਦਾਂ ਦੇ ਗਲ ਪਾਈ ਪੰਜਾਲੀ ਵਿਚ ਇਕ ਕੀਲੀ ਵਿਚ ਪਾਇਆ ਹੁੰਦਾ ਸੀ। ਕੋਹ ਵਿਚ 80 ਕੁ ਕਿਲੋ ਪਾਣੀ ਪੈਂਦਾ ਹੁੰਦਾ ਸੀ। ਦੋ ਬੰਦੇ ਕੋਹ ਨੂੰ ਚਲਾਉਂਦੇ ਸਨ। ਇਕ ਬਲਦਾਂ ਦੀ ਜੋੜੀ ਨੂੰ ਚਲਾਉਂਦਾ ਸੀ। ਦੂਸਰਾ ਭਰੇ ਹੋਏ ਕੋਹ ਨੂੰ ਖੂਹ ਦੀ ਮੌਣ ਕੋਲ ਖੜ੍ਹ ਕੇ ਫੜਦਾ ਹੁੰਦਾ ਸੀ।
ਕੋਹ ਨੂੰ ਖੂਹ ਵਿਚ ਲਮਕਾਉਣ ਤੇ ਕੱਢਣ ਲਈ ਖੂਹ ਦੀ ਮੌਣ ਦੇ ਨਾਲ ਦੋ ਮਜ਼ਬੂਤ ਲੱਕੜਾਂ ਗੱਡੀਆਂ ਹੁੰਦੀਆਂ ਹਨ। ਇਨ੍ਹਾਂ ਲੱਕੜਾਂ ਦੇ ਉੱਪਰ ਲੋਹੇ ਦਾ ਮੋਟਾ ਸਰੀਆ ਪਾਇਆ ਹੁੰਦਾ ਸੀ, ਜਿਸ ਵਿਚ ਭੌਣੀ ਪਾਈ ਹੁੰਦੀ ਸੀ। ਇਸ ਭੌਣੀ ਦੇ ਉਪਰ ਦੀ ਰੱਸੇ ਰਾਹੀਂ ਕੋਹ ਨੂੰ ਖੂਹ ਵਿਚ ਲਮਕਾਇਆ ਜਾਂਦਾ ਸੀ। ਜਦ ਕੋਹ ਪਾਣੀ